


ਚੰਡੀਗੜ੍ਹ•, 19 ਸਤੰਬਰ (ਦਵਿੰਦਰਜੀਤ ਸਿੰਘ ਦਰਸ਼ੀ)-ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਤੁਲੀ ਦੀ ਅਗਵਾਈ ਵਿੱਚ 20 ਮੈਂਬਰੀ ਵਫ਼ਦ ਨੇ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਆਪਣੀਆਂ ਮੰਗਾਂ ਸਬੰਧੀ ਇੱਕ ਯਾਦ ਪੱਤਰ ਸੌਂਪਿਆ। ਮੁੱਖ ਮੰਤਰੀ ਨੇ ਯੂਨੀਅਨ ਆਗੂਆਂ ਦੀਆ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਅਨਾਜ ਮੰਡੀਆਂ ਦੇ ਮਜ਼ਦੂਰਾਂ ਦੀ ਰੋਜ਼ਾਨਾ ਉਜਰਤ ਵਿੱਚ 25 ਫੀਸਦੀ ਦਾ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ। ਸ. ਬਾਦਲ ਨੇ ਸਬੰਧਤ ਵਿਭਾਗ ਨੂੰ ਆਦੇਸ਼ ਦਿੱਤਾ ਕਿ ਆੜਤੀਆਂ ਵਲੋਂ ਡੀਜ਼ਲ ਅਤੇ ਬਿਜਲੀ ਬਿਲਾਂ ਦੀ ਵਸੂਲੀ ਲਈ ਇਨਾਂ ਕਾਮਿਆਂ ਦੀ ਉਜਰਤ ’ਚ ਕਟੌਤੀ ਨਾ ਕਰਨ ਬਾਰੇ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨਾਂ ਵਫ਼ਦ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਵਲੋਂ ਉਨਾਂ ਦੀਆਂ ਬਾਕੀ ਮੰਗਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।ਮੁੱਖ ਮੰਤਰੀ ਦੇ ਉਕਤ ਫੈਸਲੇ ‘ਤੇ ਖੁਸ਼ੀ ਜਾਹਿਰ ਕਰਦਿਆਂ ਸ਼੍ਰੀ ਰਾਕੇਸ਼ ਕੁਮਾਰ ਤੁਲੀ ਨੇ ਕਿਹਾ ਕਿ ਇਹ ਸਿਰਫ਼ ਅਕਾਲੀ-ਭਾਜਪਾ ਸਰਕਾਰ ਹੀ ਹੈ ਜਿਸ ਨੇ ਮਜ਼ਦੂਰਾਂ ਦੀ ਉਜਰਤ ‘ਚ ਉਕਾ-ਪੁੱਕਾ 20 ਫੀਸਦੀ ਵਾਧਾ ਕਰਨ ਸਮੇਤ ਕੀਮਤ ਸੂਚੀ ਅੰਕ ਮੁਤਾਬਕ 5 ਫੀਸਦੀ ਵਾਧੂ ਵਾਧਾ ਕਰਕੇ
ਅਨਾਜ ਮੰਡੀ ਦੇ ਮਜ਼ਦੂਰਾਂ ਦੀ ਉਜਰਤ ਰਾਜ ਦੇ ਬਾਕੀ ਮਜ਼ਦੂਰਾਂ ਦੇ ਬਰਾਬਰ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਹਨ। ਵਫ਼ਦ ਵਿੱਚ ਯੂਨੀਅਨ ਦੇ ਆਗੂ ਸ਼੍ਰੀ ਕਿਸ਼ਨ ਸਿੰਘ, ਸ਼੍ਰੀ ਕਪੂਰ ਸਿੰਘ, ਸ਼੍ਰੀ ਗੁਰਦਦਿਆਲ ਸਿੰਘ, ਸ਼੍ਰੀ ਰਾਮ ਆਸਰੇ, ਸ਼੍ਰੀ ਕਾਲਾ ਰਾਮ ਅਤੇ ਸ਼੍ਰੀ ਬਲਬੀਰ ਸਿੰਘ ਵੀ ਸ਼ਾਮਲ ਸਨ। ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਅਜਮੇਰ ਸਿੰਘ ਲੱਖੋਵਾਲ, ਉਪ-ਚੇਅਰਮੈਨ ਸ਼੍ਰੀ ਰਾਵਿੰਦਰ ਸਿੰਘ ਚੀਮਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਡੀ.ਐਸ. ਗੁਰੂ, ਵਿੱਤ ਕਮਿਸ਼ਨਰ (ਵਿਕਾਸ) ਸ਼੍ਰੀ ਐਨ.ਐਸ. ਕੰਗ, ਪੰਜਾਬ ਮੰਡੀ ਬੋਰਡ ਦੇ ਸਕੱਤਰ ਡਾ. ਕਰਮਜੀਤ ਸਿੰਘ ਸਰਾਂ, ਖੁਰਾਕ ਤੇ ਸਿਵਲ ਸਪਲਾਈ ਦੇ ਸਕੱਤਰ ਸ਼੍ਰੀ ਡੀ.ਐਸ. ਗਰੇਵਾਲ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ ਹਾਜ਼ਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO