


ਇਲਾਕੇ ਤੋਂ ਬਾਹਰਲੇ ਵਿਅਕਤੀਆਂ ਅਤੇ ਨੇਤਾਵਾਂ ਨੂੰ ਇਲਾਕਾ ਛੱਡਣ ਦੇ ਹੁਕਮ
ਚੰਡੀਗੜ੍ਹ-ਅ.ਬ-ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਸਿਆਸੀ ਪਾਰਟੀਆਂ ਪੋਲਿੰਗ ਸਟੇਸ਼ਨ ਦੇ 200 ਮੀਟਰ ਦੇ ਘੇਰੇ ’ਤੋਂ ਬਾਹਰ ਪੋਲਿੰਗ ਬੂਥ ਲਾ ਸਕਦੀਆਂ ਹਨ ਜਿੱਥੇ ਉਹ ਸਿਰਫ ਦੋ ਕੁਰਸੀਆਂ ਤੇ ਇਕ ਮੇਜ਼ ਹੀ ਰੱਖ ਸਕਣਗੀਆਂ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਪੰਜਾਬ ਸ੍ਰੀਮਤੀ ਊਸ਼ਾ ਆਰ ਸ਼ਰਮਾ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਪੋਲਿੰਗ ਬੂਥਾਂ ’ਤੇ ਸ਼ਰਾਰਤੀ ਅਨਸਰਾਂ ਦੀ ਤਾਇਨਾਤੀ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਪੋਲਿੰਗ ਬੂਥ ’ਤੇ ਪਾਰਟੀ ਵਲੋਂ ਬੈਠਣ ਲਈ ਨਾਮਜ਼ਦ ਵਿਅਕਤੀ ਉਸ ਪੋਲਿੰਗ ਬੂਥ ਦਾ ਵੋਟਰ ਹੋਣਾ ਚਾਹੀਦਾ ਹੈ ਤੇ ਉਹ ਆਪਣਾ ਬਿਜਲਈ ਫੋਟੋ ਸ਼ਨਾਖਤੀ ਕਾਰਡ ਮੰਗਣ ’ਤੇ ਆਬਜ਼ਰਵਰ ਜਾਂ ਸੈਕਟਰ ਮੈਜਿਸਟ੍ਰੇਟ ਨੂੰ ਦਿਖਾਏਗਾ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਫੈਸਲਾ ਲਿਆ ਹੈ ਕਿ ਜਿਨ੍ਹਾਂ ਵਿਧਾਨ ਸਭਾ ਹਲਕਿਆਂ ’ਚ ਚੋਣ ਹੋ ਜਾ ਰਹੀ ਹੈ, ਉੱਥੋਂ ਦੇ ਸਾਂਸਦ ਜਾਂ ਵਿਧਾਇਕਾਂ ਨੂੰ ਉਨ੍ਹਾਂ ਦਾ ਹਲਕਾ ਛੱਡਣ ਲਈ ਨਹੀਂ ਕਿਹਾ ਜਾਵੇਗਾ ਜੇਕਰ ਉਹ ਉੱਥੋਂ ਵੋਟਰ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਸਾਂਸਦ ਤੇ ਵਿਧਾਇਕ ਚੋਣ ਪ੍ਰਚਾਰ ਖਤਮ ਹੋਣ ਪਿੱਛੋਂ ਕਿਸੇ ਕਿਸਮ ਦਾ ਪ੍ਰਚਾਰ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਵਿਧਾਇਕ ਆਪਣੇ ਹਲਕੇ ’ਚ ਹੀ ਰਹਿਣਗੇ ਤੇ ਕਿਸੇ ਹੋਰ ਵਿਧਾਨ ਸਭਾ
ਹਲਕੇ ’ਚ ਨਹੀਂ ਜਾ ਸਕਣਗੇ। ਚੋਣਾਂ ਮੌਕੇ ਕਵਰੇਜ਼ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਉਨ੍ਹਾਂ ਕਿਹਾ ਕਿ ਸਿਰਫ ਭਾਰਤੀ ਚੋਣ ਕਮਿਸ਼ਨ ਵਲੋਂ ਅਧਿਕਾਰਤ ਪੱਤਰਕਾਰ/ਕੈਮਰਾਮੈਨ ਹੀ ਪੋਲਿੰਗ ਸਟੇਸ਼ਨ ਦੇ ਅੰਦਰ ਕਵਰੇਜ਼ ਕਰ ਸਕਣਗੇ ਤੇ ਕਿਸੇ ਹੋਰ ਪੱਤਰਕਾਰ ਵਲੋਂ ਅਜਿਹਾ ਕਰਨ ਦੀ ਸੂਰਤ ’ਚ ਉਸਨੂੰ 3 ਮਹੀਨੇ ਦੀ ਕੈਦ ਜਾਂ ਜੁਰਮਾਨਾ ਜ੍ਯਾਂ ਫਿਰ ਦੋਵੇਂ ਹੋ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ‘ਡ੍ਰਾਈ ਡੇ’ ਐਲਾਨਣ ਸਬੰਧੀ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਇਸ ਦੇ ਐਲਾਨ ਪਿੱਛੋਂ ਕਿਸੇ ਠੇਕੇ, ਹੋਟਲ, ਅਹਾਤੇ ਆਦਿ ’ਚ ਸ਼ਰਾਬ ਨਾ ਵੇਚੀ ਤੇ ਨਾ ਹੀ ਪਿਆਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਕਿਸੇ ਥਾਂ ਦੁਬਾਰਾ ਵੋਟਾਂ ਪੈਣ ਵਾਲੇ ਦਿਨ ਵੀ ਡ੍ਰਾਈ ਡੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਕਿਸੇ ਗੈਰ ਅਧਿਕਾਰਤ ਥਾਂ ’ਤੇ ਸ਼ਰਾਬ ਸਟੋਰ ਕਰਨ ’ਤੇ ਸਖਤ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਗੈਰਹਾਜ਼ਰ, ਤਬਦੀਲ ਹੋਏ ਤੇ ਫਰਜ਼ੀ ਵੋਟਰਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹਰ ਪ੍ਰੀਜਾਈਡਿੰਗ ਅਫਸਰ ਨੂੰ ਇਨ੍ਹਾਂ ਤਿੰਨਾਂ ਸ਼੍ਰੇਣੀਆਂ ਦੇ ਵੋਟਰਾਂ ਦੀਆਂ ਸੂਚੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਇਨ੍ਹਾਂ ਸੂਚੀਆਂ ’ਚ ਸ਼ਾਮਿਲ ਕੋਈ ਵੀ ਵੋਟਰ ਜੇਕਰ ਵੋਟ ਲਈ ਆਉਂਦਾ ਹੈ ਤਾਂ ਉਸ ਨੂੰ ਆਪਣਾ ਬਿਜਲਈ ਫੋਟੋ ਸ਼ਨਾਖਤੀ ਕਾਰਡ ਜਾਂ ਫੋਟੋ ਵਾਲਾ ਕੋਈ ਹੋਰ ਸ਼ਨਾਖਤੀ ਦਸਤਾਵੇਜ਼ ਦਿਖਾਉਣਾ ਪਵੇਗਾ ਜਿਸਦੀ ਕਿ ਪ੍ਰੀਜਾਈਡਿੰਗ ਅਫਸਰ ਖੁਦ ਜਾਂਚ ਕਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਵੋਟਰ੍ਯਾਂ ਨੂੰ ਭਾਵੇਂ ਕਿ ਉਹ ਪੜ੍ਹਿਆ ਲਿਖਿਆ ਜਾਂ ਅਨਪੜ੍ਹ ਹੋਵੇ ਫਾਰਮ 17 ਏ ’ਚ ਆਪਣੇ ਦਸਤਖਤ ਕਰਨ ਦੇ ਨਾਲ-ਨਾਲ ਅੰਗੂਠਾ ਵੀ Ñਲਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਇਕ ਗੋਦਾਮ ’ਚੋਂ 7000 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਹੈ ਜੋ ਕਿ ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੀ ਹੈ। ਇਸ ਤੋਂ ਇਲਾਵਾ ਜਲੰਧਰ ਵਿਖੇ ਹੀ 300 ਪੇਟੀਆਂ ਸ਼ਰਾਬ ਹੋਰ ਬਰਾਮਦ ਕੀਤੀ ਗਈ ਹੈ। ਸਰਕਾਰੀ ਅਧਿਕਾਰੀਆਂ ਵਲੋਂ ਰਾਜਨੀਤਕ ਸਰਗਰਮੀਆਂ ’ਚ ਭਾਗ ਲੈਣ ਕਰਕੇ ਮੁੱਖ ਚੋਣ ਅਧਿਕਾਰੀ ਨੇ ਨਾਭਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਕਬਰ ਅਲੀ ਨੂੰ ਰਾਜਪੁਰਾ ਬਦਲਕੇ ਨਾਭਾ ਦਾ ਵਾਧੂ ਚਾਰਜ ਦਿੱਤਾ ਹੈ ਜਦਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਾਨਸਾ ਪਰਮਪਾਲ ਕੌਰ ਨੂੰ ਮੁੱਖ ਦਫਤਰ ਮੁਹਾਲੀ ਵਿਖੇ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਮੇਰ ਸਿੰਘ ਪੰਚਾਇਤ ਸਕੱਤਰ ਮੋਗਾ-2 ਨੂੰ ਜਲਾਲਾਬਾਦ ਤੇ ਹਰਸ਼ ਮਹਿਤਾ ਲੈਕਚਰਾਰ ਸੰਸਕ੍ਰਿਤ ਸ.ਸ.ਸਕੂਲ ਤਲਵਾੜਾ ਨੂੰ ਜ਼ੀਰਾ ਵਿਖੇ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਫਤਰ ਮੁੱਖ ਚੋਣ ਅਧਿਕਾਰੀ ਨੂੰ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਹੁਣ ਤੱਕ ਕੁੱਲ 2700 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ’ਚੋਂ 1850 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਚੋਣ ਖਰਚਾ ਨਿਗਰਾਨ ਟੀਮਾਂ ਵਲੋਂ ਹੁਣ ਤੱਕ ਕੁੱਲ 32 ਕਰੋੜ 97 ਲੱਖ 72 ਹਜ਼ਾਰ 679 ਰੂਪੈ ਬਰਾਮਦ ਕਰਕੇ ਆਮਦਨ ਕਰ ਵਿਭਾਗ ਨੂੰ ਭੇਜੇ ਗਏ ਹਨ। ਇਸ ਤੋਂ ਇਲਾਵਾ 2636 ਕਿਲੋ ਭੁੱਕੀ, 10489 ਗ੍ਰਾਮ ਅਫੀਮ ਰਾਜ ਦੇ ਵੱਖ-ਵੱਖ ਭਾਗਾਂ ਤੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 2 ਲੱਖ 9 ਹਜ਼ਾਰ 686 ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਗਏ ਹਨ ਤੇ 68 ਨਜ਼ਾਇਜ਼ ਹਥਿਆਰ ਤੇ 248 ਕਾਰਤੂਸ ਬਰਾਮਦ ਕੀਤੇ ਗਏ ਹਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This e-mail address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO