


ਹੁਸ਼ਿਆਰਪੁਰ, (ਐਮ.ਐਸ.ਹੀਰਾ) ਆਰਥਿਕ ਤੌਰ ਤੇ ਮਜ਼ਬੂਤ ਇਕਾਈਆਂ ਦੀ ਮੱਦਦ ਨਾਲ ਹੀ ਲੋੜਵੰਦ ਤੇ ਗਰੀਬ ਲੋਕਾਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕ ਸੇਵਾ ਲਈ ਸਮਰਪਿਤ ਅਜਿਹੀਆਂ ਇਕਾਈਆ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਪੱਕੇ ਤੌਰ ਤੇ ਫੰਡ ਉਪਲਬੱਧ ਹੋ ਸਕਣ। ਇਹ ਵਿਚਾਰ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਰੈਡ ਕਰਾਸ ਦੀ ਕਾਰਜਕਾਰੀ ਕਮੇਟੀ ਅਤੇ ਜਨਰਲ ਬਾਡੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਰੈਡ ਕਰਾਸ਼ ਸ਼ਾਖਾ ਵੱਲੋਂ ਜਿਥੇ ਨੌਜਵਾਨ ਲੜਕੇ-ਲੜਕੀਆਂ ਨੂੰ ਸਵੈ ਨਿਰਭਰ ਹੋਣ ਲਈ ਵੱਖ-ਵੱਖ ਕਿੱਤਾ ਸਿਖਲਾਈ ਕੋਰਸਾਂ ਦੀ ਵਿਵਸਥਾ ਕੀਤੀ ਗਈ ਹੈ, ਉਥੇ ਹੋਰ ਵੀ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਕੋਲ ਇਸ ਦੀ ਪੱਕੇ ਤੌਰ ਤੇ ਆਮਦਨ ਦੀ ਵਿਵਸਥਾ ਲਈ ਦਾਨ ਕੀਤੀ 4 ਕਨਾਲ 4 ਮਰਲੇ ਜਗ੍ਹਾ ਤੇ ਗੋਬਿੰਦ ਰਾਮ ਭਾਨੀ ਰਾਮ ਦੇ ਨਾਮ ਤੇ ਕਮਿਉਨਿਟੀ ਹਾਲ ਉਸਾਰ ਕੇ ਜਿਥੇ ਆਮ ਲੋਕਾਂ ਨੂੰ ਸਾਂਝੇ ਸਮਾਗਮ ਕਰਨ ਲਈ ਸਥਾਨ ਮੁਹੱਈਆ ਹੋ ਸਕੇਗਾ , ਉਥੇ ਇਸ ਨਾਲ ਪੱਕੇ ਤੌਰ ਤੇ ਰੈਡ ਕਰਾਸ ਨੂੰ ਆਮਦਨ ਪ੍ਰਾਪਤ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਕਮਿਉਨਿਟੀ ਹਾਲ ਦੀ ਉਸਾਰੀ ਲਈ ਫੰਡਾਂ ਦੇ ਪ੍ਰਬੰਧਾਂ ਲਈ ਵਿਚਾਰ ਕੀਤਾ ਗਿਆ ਅਤੇ ਹਾਜ਼ਰ ਮੈਂਬਰਾਂ ਦੇ ਸੁਝਾਅ ਅਨੁਸਾਰ ਕਮਰਿਆਂ ਦੀ ਉਸਾਰੀ ਲਈ
ਦਾਨੀ ਲੋਕਾਂ ਦੇ ਨਾਮ ਤੇ ਕਮਰੇ ਉਸਾਰਨ ਦੀ ਤਜ਼ਵੀਜ਼ ਨੂੰ ਵੀ ਪਾਸ ਕੀਤਾ ਗਿਆ। ਰੈਡ ਕਰਾਸ ਵੱਲੋਂ ਜਨ ਔਸ਼ਧੀ ਦਵਾਈਆਂ ਦਾ ਸਟੋਰ ਨਾ ਲਾਭ ਨਾ ਹਾਨ ਦੇ ਆਧਾਰ ਤੇ ਚਾਲੂ ਰੱਖਣ ਲਈ ਆਮ ਵਰਤੋਂ ਦੇ ਪ੍ਰੋਡਕਟ ਅਤੇ ਹੋਰ ਦਵਾਈਆਂ ਅਤੇ ਸਰਜੀਕਲ ਪ੍ਰੋਡਕਟ ਨੂੰ ਵੀ ਇਨ੍ਹਾਂ ਸਟੋਰਾਂ ਤੇ ਸ਼ਾਮਲ ਕਰਕੇ ਇਸ ਸਕੀਮ ਨੂੰ ਆਰਥਿਕ ਮਜ਼ਬੂਤੀ ਨਾਲ ਚਲਾਉਣ ਲਈ ਵੀ ਵਿਚਾਰ ਕੀਤਾ ਗਿਆ। ਜ਼ਿਲ੍ਹਾ ਰੈਡ ਕਰਾਸ ਵਿਖੇ ਕੰਮ ਕਰਦੇ ਮੁਲਾਜ਼ਮਾਂ ਦੇ ਵੇਤਨ ਭੱਤੇ ਵਿਚਾਰਨ ਲਈ ਵੀ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਜੋ ਇਨ੍ਹਾਂ ਨੂੰ ਇੱਕਦਰ ਤੇ ਸੇਵਾ ਭੱਤਾ ਦਿੱਤਾ ਜਾ ਸਕੇ। ਜ਼ਿਲ੍ਹਾ ਰੈਡ ਕਰਾਸ ਸਕੱਤਰ ਨੂੰ ਰੈਡ ਕਰਾਸ ਸ਼ਾਖਾ ਦੇ ਸਟੋਰ ਵਿੱਚ ਪਏ ਪੁਰਾਣੇ ਸਮਾਨ ਦੇ ਸਦਉਪਯੋਗ ਅਤੇ ਜਾਇਜ਼ੇ ਲਈ ਤਿੰਨ ਮੈਂਬਰੀ ਕਮੇਟੀ ਨੂੰ ਵਾਧੂ ਸਮਾਨ ਵਰਤੋਂ ਵਿੱਚ ਲਿਆਉਣ ਲਈ ਕਿਹਾ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਕੰਪਿਊਟਰ ਅਤੇ ਸ਼ਾਰਟ ਹੈਂਡ ਕੋਰਸ ਕੋ-ਐਜੂਕੇਸ਼ਨ ਦੀ ਥਾਂ ਕੇਵਲ ਲੜਕੀਆਂ ਲਈ ਹੀ ਚਾਲੂ ਰੱਖਣ ਬਾਰੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ। ਇਸ ਦੌਰਾਨ ਭਾਰਤੀਆ ਗ੍ਰਾਮੀਣ ਮਹਿਲਾ ਸੰਮਤੀ ਵੱਲੋਂ ਚਲਾਏ ਜਾ ਰਹੇ ਬਾਲਵਾੜੀ ਸੈਂਟਰ ਪਿੰਡ ਅਟਾਲਗੜ੍ਹ, ਬਾਲਵਾੜੀ ਸੈਂਟਰ ਪਿੰਡ ਠਠਿਆਲ, ਡਾਈ ਸੈਂਟਰ ਪਿੰਡ ਸਾਹਰੀ ਨੂੰ ਜ਼ਿਲ੍ਹਾ ਭਲਾਈ ਸ਼ਾਖਾ ਵੱਲੋਂ ਚਾਲੂ ਰੱਖਣ ਸਬੰਧੀ ਵੀ ਰੀਵੀਊ ਕਰਨ ਲਈ ਕਿਹਾ। ਸ੍ਰ: ਦੀਪਇੰਦਰ ਸਿੰਘ ਪ੍ਰਧਾਨ ਰੈਡ ਕਰਾਸ਼ ਸੁਸਾਇਟੀ ਨੇ ਹਾਜ਼ਰ ਮੈਂਬਰਾਂ ਅਤੇ ਜਨਰਲ ਬਾਡੀ ਦੀ ਸਲਾਹ ਨਾਲ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਤੇ ਮੁਲਾਜ਼ਮ ਇੱਕ ਦਿਨ ਦਾ ਵੇਤਨ ਰੈਡ ਕਰਾਸ ਨੂੰ ਦੇਣ ਤਾਂ ਜੋ ਇਸ ਨਾਲ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਜਾ ਸਕੇ । ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਡਾ. ਯਸ਼ਪਾਲ ਮਿੱਤਰਾ ਸਿਵਲ ਸਰਜਨ-ਕਮ-ਵਾਈਸ ਪ੍ਰਧਾਨ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਭੁਪਿੰਦਰਜੀਤ ਸਿੰਘ ਅਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਹਾਜ਼ਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO