


ਸਿਰਦਾਰ ਕਪੂਰ ਸਿੰਘ
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਤਿੰਨ ਸੌ ਸਾਲਾ ਯਾਦ ਮਨਾਉਣ ਲਈ ਪ੍ਰੋਗਰਾਮ ਉਲੀਕਣ ਬਾਰੇ ਸਰਕਾਰ ਵੱਲੋਂ 20 ਜੁਲਾਈ 1975 ਨੂੰ ਪਟਿਆਲੇ ਵਿਖੇ, ਸਮਾਜ ਦੇ ਭਿੰਨ-ਭਿੰਨ ਵਰਗਾਂ ਦਾ ਇੱਕ ਸਾਂਝਾ ਸਮਾਗਮ ਬੁਲਾਇਆ ਗਿਆ ਸੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਨੱਬੇ ਸਾਲਾਂ ਤੋਂ ਵੱਧ ਉਮਰ ਭੋਗ ਚੁੱਕੇ, ਪਟਿਆਲਾ ਯੂਨੀਵਰਸਿਟੀ ਦੇ ਭੂਤ-ਪੂਰਵ ਵਾਈਸ ਚਾਂਸਲਰ, ਸਰਦਾਰ ਬਹਾਦਰ ਭਾਈ ਜੋਧ ਸਿੰਘ ਨੇ ਸਰੋਤਿਆਂ ਨੂੰ ਜੋ ਪ੍ਰੇਰਣਾ ਦਿੱਤੀ, ਉਸ ਬਾਰੇ ਜਾਣਕਾਰੀ, ਅਗਲੀ ਭਲਕ ਦੇ ਚੰਡੀਗੜ੍ਹ ਤੋਂ ਛੱਪਣ ਵਾਲੇ ਰੋਜ਼ਾਨਾ ਅੰਗਰੇਜ਼ੀ ਅਖਬਾਰ ਟ੍ਰਿਬਿਊਨ ਤੋਂ ਇਉਂ ਮਿਲਦੀ ਹੈ। 1. ਕਿ ਗੁਰੂ ਜੀ ਦਾ ਸ਼ਹੀਦੀ ਪੁਰਬ ਮਨਾਉਂਦਿਆਂ ਇਸ ਗਲਤ ਖਿਆਲ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਈ ਜਾਵੇ ਕਿ ਕਿਸੇ ਧਰਮ ਨੂੰ ਜਿਉਂਦਾ ਰੱਖਣ ਲਈ ਰਾਜ ਸੱਤਾ ਦਾ ਹੋਣਾ ਜ਼ਰੂਰੀ ਹੈ। ਉਸ (ਭਾਈ ਜੋਧ ਸਿੰਘ) ਨੇ ਇਹ ਵੀ ਤਾਕੀਦ ਕੀਤੀ ਕਿ ਧਰਮ ਨੂੰ ਸਿਆਸਤ ਨਾਲੋਂ ਵੱਖ ਰੱਖਣਾ ਚਾਹੀਦਾ ਹੈ। 2. ਜ਼ਾਹਰਾ ਤੌਰ ’ਤੇ ਭਾਈ ਜੋਧ ਸਿੰਘ ਦਾ ਇਹ ਐਲਾਨ ਉਸ ਅਵਸਰ ਨਾਲ ਮੇਲ ਨਹੀਂ ਖਾਂਦਾ ਸੀ, ਪਰ ਇਸ ਐਲਾਨ ਦੇ ਪਿਛੋਕੜ ਵਿੱਚ ਉਹ ਗੁਪਤ ਮਨੋ-ਭਾਵ ਜਿਹੜੇ ਪ੍ਰਗਟ ਭਾਵਾਂ ਨਾਲੋਂ ਹਮੇਸ਼ਾਂ ਵੱਧ ਮਹੱਤਵਪੂਰਨ ਤੇ ਖਤਰਨਾਕ ਹੁੰਦੇ, ਅਸਬੰਧਤ ਨਹੀਂ ਸਨ।
3. ਆਮ ਲੋਕਾਂ ਨੂੰ ਇਹ ਪਤਾ ਨਹੀਂ ਕਿ-
(ੳ) ਅੰਗਰੇਜ਼ੀ ਰਾਜ ਸਮੇਂ ਅਤੇ ਉਸ ਤੋਂ ਬਾਅਦ ਵੀ ਭਾਈ ਜੋਧ ਸਿੰਘ ਇੱਕ ਧਾਰਮਿਕ ਵਿਅਕਤੀ ਦੇ ਭੇਖ ਵਿੱਚ ਸਰਗਰਮ ਸਿਆਸਤਦਾਨ ਰਹਿ ਚੁੱਕਾ ਹੈ। ਉਸ ਨੇ ਕਦੇ ਆਪਣੀ ਸਿਆਸਤ ਨਾਲੋਂ ਆਪਣੇ ਧਰਮ ਨੂੰ ਵੱਖ ਕਰਨਾ ਯੋਗ ਨਹੀਂ ਸਮਝਿਆ। ਇਸ ਦੇ ਸਿੱਟੇ ਵੱਜੋਂ ਇਹਸਾਨ-ਮੰਦ ਤੇ ਸ਼ੁੱਕਰਗੁਜ਼ਾਰ ਅੰਗਰੇਜ਼ ਹੁਕਮਰਾਨਾਂ ਨੇ ਉਨ੍ਹਾਂ ਨੂੰ ਕਈ ਉੱਚ-ਉਪਾਧੀਆਂ ਤੇ ਰਿਆਇਤੀ ਪ੍ਰਮਾਣ-ਪੱਤਰਾਂ ਤੋਂ ਇਲਾਵਾ ਸਰਦਾਰ ਬਹਾਦਰ ਦਾ ਖਿਤਾਬ ਵੀ ਦਿੱਤਾ। ਅੰਗਰੇਜ਼ੀ ਰਾਜ ਤੋਂ ਬਾਅਦ ਵੀ ਸੱਤਾਧਾਰੀ ਸਿਆਸਤਦਾਨ ਉਸ (ਭਾਈ ਜੋਧ ਸਿੰਘ) ਦੀ ਬਹੁਤ ਲੋੜ ਮਹਿਸੂਸ ਕਰਦੇ ਰਹੇ ਹਨ।
(ਅ) ਭਾਈ ਜੋਧ ਸਿੰਘ ਜੋ ਬੜੇ ਨਿਰਮਲ ਬੁੱਧੀ ਵਾਲੇ ਵਿਅਕਤੀ ਹਨ, ਉਹ ਬਹੁਤੇ ਸ਼ਬਦਾਂ ਵਿੱਚ ਇਹ ਨਹੀਂ ਆਖ ਸਕਦੇ ਕਿ ਸਿਆਸਤ ਨੂੰ ਧਰਮ ਤੋਂ ਵੱਖ ਰੱਖਣਾ ਕੋਈ ਸਿੱਖੀ ਦਾ ਦ੍ਰਿੜ੍ਹ ਸਿਧਾਂਤ ਹੈ, ਸਗੋਂ ਅਜਿਹਾ ਤਾਂ ਉਹ ਕੇਵਲ ਆਪਣੀ ਰੰਚਕ ਮਾਤਰ ਸੰਸਾਰੀ ਤੇ ਨਾਸਤਕ ਸੂਝ-ਬੂਝ ਦੇ ਆਧਾਰ ’ਤੇ ਹੀ ਕਹਿ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਿੱਖ ਸਿਧਾਂਤ ਤੇ ਰਿਵਾਇਤੀ ਦੋਵਾਂ ਅਨੁਸਾਰ ਹੀ ਧਰਮ ਨੂੰ ਰਾਜਨੀਤੀ ਤੋਂ ਵੱਖ ਸਮਝਣਾ ਇੱਕ ਉਸਤਾਦੀ, ਮੌਕਾ ਪ੍ਰਸਤੀ, ਚਲਾਕੀ ਜਾਂ ਫਰੇਬ ਹੈ। ਕੇਵਲ ਸੰਕੇਤਾਂ ਦੁਆਰਾ ਜਾਂ ਵਿੰਗੇ-ਟੇਢੇ ਇਸ਼ਾਰਿਆਂ ਰਾਹੀਂ ਉਹ ਚਾਹੁੰਦੇ ਹਨ ਕਿ ਸਿੱਖ ਉਨ੍ਹਾਂ ਲੋਕਾਂ ਦੇ ਵਿਚਾਰਾਂ ਨੂੰ ਅਪਣਾ ਲੈਣ ਜਿਨ੍ਹਾਂ ਦੀ ਕਿ ਉਹ (ਭਾਈ ਜੋਧ ਸਿੰਘ) ਆਵਾਜ਼ ਹਨ ਅਤੇ ਇਹ ਵਿਸ਼ਵਾਸ ਕਰ ਲੈਣ ਕਿ ਸਹੀ ਸਿੱਖ-ਸਿਧਾਂਤ ਦਰਅਸਲ ਇਹੋ ਹੀ ਹੈ। (ੲ) ਅੰਗਰੇਜ਼ਾਂ ਨੇ ਭਾਵੇਂ ਸਿੱਖਾਂ ਨੂੰ ਜਿੱਤ ਲਿਆ ਸੀ, ਪਰ ਇਹ ਹਮੇਸ਼ਾਂ ਸਿੱਖਾਂ ਤੋਂ ਡਰਦੇ ਵੀ ਰਹੇ ਅਤੇ ਨਾਲ-ਨਾਲ ਇਨ੍ਹਾਂ ਦੀ ਬਹਾਦਰੀ ਦੀ ਵਡਿਆਈ ਵੀ ਕਰਦੇ ਰਹੇ। ਅੰਗਰੇਜ਼ਾਂ ਦੀ ਇਹ ਮਨੋਭਾਵਨਾ ਸੀ ਕਿ ਸਿੱਖ ਆਪਣੇ ਉਸ ਅਸਲੀ ਸਿਧਾਂਤ ਬਾਰੇ ਅਗਿਆਤ ਰਹਿਣ, ਜਿਸ ਦਾ ਇਤਿਹਾਸਕ ਕਾਲ ਤੋਂ ਉਹ ਵਿਸ਼ੇਸ਼ ਤੌਰ ’ਤੇ ਤਿੱਖੀ ਆਵਾਜ਼ ਨਾਲ ਪ੍ਰਗਟਾਵਾ ਕਰਦੇ ਆਏ ਹਨ- ‘‘ਭਾਵ ਆਜ਼ਾਦੀ ਜਾਂ ਮੌਤ।’’
ਰਾਜ ਕਰੈਂ ਇਕੇ ਲਰ ਮਰਹੈਂ।
(ਅਣਸੰਸ਼ੋਧਤ ਪ੍ਰਾਚੀਨ ਪੰਥ ਪ੍ਰਕਾਸ਼)
ਅਤੇ ਇਸ ਵਿੱਚ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਉਨ੍ਹਾਂ (ਅੰਗਰੇਜ਼ਾਂ) ਨੂੰ ਭਾਈ ਜੋਧ ਸਿੰਘ ਵਧੀਆ ਹਮਾਇਤੀ ਲੱਭਿਆ ਸੀ। 4. ਭਾਰਤ ਦੇ ਮੌਜੂਦਾ ਹੁਕਮਰਾਨਾਂ ਨੇ ਵੀ ਆਪਣੀ ਇਸ ਖਾਹਿਸ਼ ਤੇ ਨਿਸ਼ਚੇ ਬਾਰੇ ਕੋਈ ਲੁਕਾ ਨਹੀਂ ਰੱਖਿਆ ਕਿ ਉਹ ਸਿੱਖਾਂ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਉਨ੍ਹਾਂ ਮੂਲ ਸਿੱਖਿਆਵਾਂ ਤੋਂ ਲਾਂਭੇ ਲੈ ਜਾਣਾ ਚਾਹੁੰਦੇ ਹਨ, ਜਿਨ੍ਹਾਂ ਅਨੁਸਾਰ ਕਿ ਰਾਜਨੀਤਕ ਸ਼ਕਤੀ ਦੇ ਆਧਾਰ ਤੋਂ ਬਿਨਾਂ ਸਿੱਖ ਆਪਣੇ ਧਾਰਮਿਕ ਅਤੇ ਸਮਾਜਿਕ ਫਰਜ਼ਾਂ ਦੀ ਪੂਰਤੀ ਕਰ ਸਕਣੀ ਅਸੰਭਵ ਸਮਝਦੇ ਹਨ, ਜਿਨ੍ਹਾਂ ਅਨੁਸਾਰ ਕਿਸੇ ਸਿੱਖ ਲਈ ਧਰਮ ਨਾਲੋਂ ਸਿਆਸਤ ਨੂੰ ਨਿਖੇੜਨਾ ਇੱਕ ਅਕਹਿ ਘਿਰਣਾ-ਭਰਪੂਰ ਗਿਰਾਵਟ ਅਤੇ ਪਤਿਤਪੁਣਾ ਹੈ। 5. ਭਾਈ ਜੋਧ ਸਿੰਘ ਦੀ ਪਟਿਆਲਾ ਦੀ ਕਾਰਗੁਜ਼ਾਰੀ ਦਾ ਪੜਚੋਲ ਸਹਿਤ ਵਿਸ਼ਲੇਸ਼ਣ ਇਸ ਪਿਛੋਕੜ ਵਿੱਚੋਂ ਹੀ ਕਰਨਾ ਪੈਣਾ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO