Saturday, May 19, 2012

ਦਿਨੇਸ਼ ਭੱਟ
ਮੈਂ ਕਿੱਥੇ ਹਾਂ, ਇਹ ਤਾਂ ਨਹੀਂ ਦੱਸ ਸਕਦਾ, ਪਰ ਬਹੁਤ ਸਾਰੀਆਂ ਘਟਨਾਵਾਂ ਦੇ ਕਰੀਬ ਹੁੰਦਾ ਹਾਂ। ਕੁੱਝ ਘਟਨਾਵਾਂ ਤੋਂ ਦੂਰ ਵੀ ਹੁੰਦਾ ਹਾਂ। ਕਦੇ-ਕਦੇ ਇਹ ਵੀ ਹੁੰਦਾ ਹੈ ਕਿ ਮੇਰੇ ਤੋਂ ਬਿਨਾਂ ਬਾਕੀ ਸਾਰੇ ਲੋਕ ਘਟਨਾਵਾਂ ਦੇ ਬਿਲਕੁਲ ਕਰੀਬ ਹੁੰਦੇ ਹਨ। ਇੱਕ ਦਮ ਨੇੜੇ। ਕਈ ਵਾਰ ਤਾਂ ਲੋਕ ਘਟਨਾਵਾਂ ਦੇ ਬਿਲਕੁਲ ਦਰਮਿਆਨ ਹੁੰਦੇ ਹਨ, ਕੁੱਝ ਤਾਂ ਘਟਨਾਵਾਂ  ਵਿੱਚ ਸ਼ਾਮਲ ਵੀ ਹੁੰਦੇ ਹਨ, ਫਿਰ ਵੀ ਉਹ ਘਟਨਾ ਦੇ ਕੁੱਝ ਅਜਿਹੇ ਅਨੁਭਵਾਂ ਤੋਂ ਵਾਂਝੇ ਰਹਿ ਜਾਂਦੇ ਹਨ, ਜਿਨ੍ਹਾਂ ਨੂੰ ਮੈਂ ਅਕਸਰ ਵੇਖ ਲੈਂਦਾ ਹਾਂ।  ਇਨ੍ਹਾਂ ਘਟਨਾਵਾਂ ਵਿੱਚ ਸਦਮੇ ਵੀ ਹੁੰਦੇ ਹਨ। ਸਦਮੇ ਅੱਜ-ਕੱਲ੍ਹ ਆਮ ਜਿਹੀ ਗੱਲ ਹੈ। ਮੈਂ ਵੇਖਿਆ ਕੁੱਝ ਲੋਕਾਂ ਦੀ ਜ਼ਿੰਦਗੀ ਵਿੱਚ ਵੱਡੇ-ਵੱਡੇ  ਸਦਮੇ ਇੱਕ ਪਲ ਵਿੱਚ ਹੀ ਸੱਟ ਮਾਰ ਜਾਂਦੇ ਹਨ। ਕੁੱਝ ਲੋਕਾਂ ’ਤੇ ਕੋਈ ਅਸਰ ਨਹੀਂ ਪੈਂਦਾ। ਨਾ ਤੜਫ, ਨਾ ਦਰਦ, ਨਾ ਬੇਚੈਨੀ। ਸਦਮੇ ਉਨ੍ਹਾਂ ਦੇ ਉਤੋਂ ਦੀ ਬੱਦਲਵਾਈ ਦੀ ਤਰ੍ਹਾਂ ਲੰਘ ਜਾਂਦੇ ਹਨ। ਉਹ ਸਹਿਜ ਭਾਵ ਉਸੇ ਤਰ੍ਹਾਂ ਦਾ ਵਿਵਹਾਰ ਕਰਦੇ ਰਹਿੰਦੇ ਹਨ ਜਿਵੇਂ ਕੁੱਝ ਵਾਪਰਿਆ ਹੀ ਨਾ ਹੋਵੇ।ਪਤਾ ਨਹੀਂ ਕਿਉਂ ਮੇਰੀ ਨਜ਼ਰ ਇਨ੍ਹਾਂ ਹਾਦਸਿਆਂ ਇਨ੍ਹਾਂ ਸਦਮਿਆਂ ਦੇ ਅੰਦਰ ਤੱਕ ਡੂੰਘੀ ਜਾਂਦੀ ਹੈ। ਇਨ੍ਹਾਂ ਦੀ ਪੁਣ-ਛਾਣ ਕਰਦੀ ਹੈ, ਜਿਵੇਂ ਕਿ ਉਨ੍ਹਾਂ ਵਿੱਚੋਂ ਕੁੱਝ ਲੱਭਦੀ ਹੋਵੇ, ਪਰਤ ਦਰ ਪਰਤ ਖੋਲ੍ਹ ਕੇ ਸਭ ਨੂੰ ਕੁੱਝ ਵਿਖਾਉਣਾ ਚਾਹੁੰਦੀ ਹੋਵੇ। ਇਨ੍ਹਾਂ ਹਾਦਸਿਆਂ, ਇਨ੍ਹਾਂ ਘਟਨਾਵਾਂ ਦੇ ਪਾਤਰ ਬੇਚੈਨੀ  ਨਾਲ ਆਪਣੀਆਂ ਅਬੁੱਝ ਅੱਖਾਂ ਨੂੰ ਖੋਲ੍ਹ ਕੇ ਮੇਰੇ ਵੱਲ ਵੇਖਦੇ ਹਨ। ਮੈਂ ਉਨ੍ਹਾਂ  ਨੂੰ ਸਵਾਲ ਕਰਦਾ ਹਾਂ ਤਾਂ ਜਵਾਬ ਦੀ ਥਾਂ ਸਵਾਲ ਹੀ ਮਿਲਦੇ ਹਨ। ਇਨ੍ਹਾਂ ਮੋੜਵੇਂ ਸਵਾਲਾਂ ਨੂੰ ਮੈਂ ਸਭ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ। ਕਪੂਰ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਕਪੂਰੀ ਦੇ ਹਾਦਸੇ ਅਤੇ ਉਨ੍ਹਾਂ ਵਿੱਚ ਗੁੰਨੇ  ਸਦਮੇ ਦੀ ਪੜਤਾਲ ਕਰਨ ਲਈ ਸਾਨੂੰ ਥੋੜ੍ਹਾ ਪਿੱਛੇ ਜਾਣਾ ਪਵੇਗਾ। ਘਟਨਾਵਾਂ ਦੇ ਛੋਟੇ-ਛੋਟੇ ਟੁੱਕੜੇ ਹਨ। ਕਈ ਛੋਟੇ-ਛੋਟੇ ਚਿੱਤਰ ਹਨ, ਜਿਨ੍ਹਾਂ ਨੂੰ ਮੈਂ ਜੋੜ ਕੇ ਚੱਲਦਾ ਹਾਂ।


ਫੱਗਣ ਸ਼ੁਰੂ ਹੋ ਗਿਆ ਹੈ। ਦੋ ਪਹਿਰਾਂ ਤੋਂ ਵਧੇਰੇ ਰਾਤ ਬੀਤ ਗਈ ਸੀ। ਕਪੂਰੀ ਨਾਲੇ ਵਿੱਚ ਰੱਖੇ ਹੋਏ ਮੋਟਰ ਪੰਪ ਦੇ ਨੇੜੇ ਜਾ ਕੇ ਦੇਖ ਆਈ  ਸੀ, ਸਭ ਕੁੱਝ ਠੀਕ-ਠਾਕ ਸੀ। ਦੋ ਸਾਲ ਪੁਰਾਣੇ ਪੀਵੀਸੀ ਪਾਇਪਾਂ ਦੇ ਜੋੜ ਮਜ਼ਬੂਤੀ ਨਾਲ ਬੰਨ੍ਹ ਦਿੱਤੇ ਸਨ। ਖੇਤ ਵਿੱਚ ਬਣੇ ਛੋਟੇ ਜਿਹੇ ਢਾਰੇ ਵਿੱਚ ਬੈਠੀ ਉਹ ਬੁੱਝੇ ਹੋਏ ਬਲਬ ਨੂੰ ਦੇਖ ਰਹੀ ਸੀ। ਬਲੂ ਜਗ ਜਾਏ ਤਾਂ ਜਿਵੇਂ ਜੀਵਨ ਦਾਨ ਮਿਲ ਜਾਵੇ। ਬਿਜਲੀ ਕਟੌਤੀ ਦੇ ਚੱਲਦਿਆਂ ਰਾਤ ਵਿੱਚ ਹੀ ਦੋ ਘੰਟੇ ਬਿਜਲੀ ਮਿਲਦੀ ਸੀ। ਸਮਾਂ ਤੈਅ ਨਹੀਂ ਸੀ ਕਦੋਂ ਬਿਜਲੀ ਆ ਜਾਵੇ, ਇਸ ਲਈ ਅੱਖ ਲੱਗਦੀ ਤਾਂ ਉਹ ਅੱਖਾਂ ’ਤੇ ਪਾਣੀ ਦੇ ਛਿੱਟੇ ਮਾਰ ਲੈਂਦੀ। ਤਿੰਨਾਂ ਦਿਨਾਂ ਤੋਂ ਨਾਲੇ ਵਿੱਚ ਮੁਸ਼ਕਲ ਨਾਲ ਇੰਨਾ ਪਾਣੀ ਇਕੱਠਾ ਹੋਇਆ ਸੀ ਕਿ ਉਸ ਦੇ ਪੰਜ ਏਕੜ ਰਕਬੇ ਦੇ ਖੇਤਾਂ ਵਿੱਚੋਂ ਮੁਸ਼ਕਲ ਨਾਲ ਦੋ ਏਕੜ ਹੀ ਸਿੰਜੇ ਜਾ ਸਕਦੇ ਸਨ।
ਕਪੂਰੀ ਨੇ ਢਾਰੇ ਵੱਲ ਵੇਖਿਆ। ਢਾਰਾ ਬਿਲਕੁਲ ਇੱਕਲਾ ਅਤੇ ਬੇਹੱਦ ਸ਼ਾਂਤ ਸੀ। ਢਾਰੇ ਦੇ ਪਿੱਛੇ ਧਰੇਕ ਦਾ ਦਰੱਖਤ ਸੀ। ਧਰੇਕ ਦੀਆਂ ਟਾਹਣੀਆਂ ਵਿੱਚੋਂ ਗੁਜ਼ਰਦੀ ਹੋਈ ਉਸ ਦੀ ਨਜ਼ਰ ਅਸਮਾਨ  ਤੱਕ ਜਾ ਪੁੱਜੀ। ਟਹਿਣੀਆਂ ਦੀਆਂ ਨੋਕਾਂ ਉੱਤੇ ਜਿਵੇਂ ਕੁੱਝ ਤਾਰੇ ਜੁਗਨੂੰਆਂ ਦੀ ਤਰ੍ਹਾਂ ਜਗਦੇ-ਬੁੱਝਦੇ ਜੁੜਨ ਲੱਗੇ। ਉਹ ਇੱਕ ਸੁੰਦਰ ਹਾਰ ਦੀ ਤਰ੍ਹਾਂ ਦਿਸ ਰਹੇ ਸਨ। ਸੁਨਹਿਰਾ ਹਾਰ। ਕਪੂਰੀ ਨੂੰ ਲੱਗਿਆ  ਇਹ ਤਾਰੇ ਦੂਜੇ ਤਾਰਿਆਂ ਤੋਂ ਵੱਖਰੇ ਕਿਉਂ ਦਿਸ ਰਹੇ ਹਨ। ਇੱਕ ਵਾਰ ਕਮਲਾ ਚਾਚੀ ਨੇ ਦੱਸਿਆ ਸੀ ਕਿ ਜਿਹੜੇ ਲੋਕ ਜਵਾਨੀ ਵਿੱਚ ਮਰ ਜਾਂਦੇ ਹਨ, ਉਹੀ ਵਧੇਰੇ ਚਮਕੀਲੇ ਤਾਰੇ ਬਣਦੇ ਹਨ। ਫਿਰ ਤਾਂ ਹੋ ਸਕਦਾ ਹੈ, ਇਨ੍ਹਾਂ ਵਿੱਚੋਂ ਹੀ ਕੋਈ ਇੱਕ ਤਾਰਾ ਉਸ ਦਾ ਪਤੀ ਬਸੰਤਾ ਹੋਵੇ। ਜ਼ਰੂਰ ਹੋਵੇਗਾ, ਤਦ ਹੀ ਤਾਂ ਇਹ ਇੰਨਾ ਚਮਕ ਰਹੇ ਹਨ। ਉਸ ਦੀਆਂ ਅੱਖਾਂ ਵਿੱਚ ਬਸੰਤੇ ਦਾ ਚਿਹਰੇ ਉੱਭਰ ਆਇਆ। ‘‘ਕਿਉਂ ਛੱਡ ਗਿਆ ਮੈਨੂੰ ਇਕੱਲੀ।’’ ਉਸ ਨੇ ਆਪਣੇ ਆ ਨੂੰ ਕਿਹਾ। ਹਨ੍ਹੇਰੇ ਵਿੱਚ ਘੁਟਣ ਵੱਧ ਗਈ ਅਤੇ ਉਸ ਦੇ ਗੁੱਸੇ ਨਾਲ ਦੁੱਖ ਰਹੇ ਮਨ ਦੀਆਂ ਖਿੜਕੀਆਂ ਖੁੱਲ੍ਹ ਗਈਆਂ।
ਉਸ ਦਾ ਛੋਟਾ ਬੇਟਾ ਚੰਦੂ ਉਸ ਵੇਲੇ ਦੋ ਮਹੀਨੇ ਦਾ ਸੀ ਅਤੇ ਵੱਡਾ ਰਿਤੇਸ਼ ਚਾਰ ਸਾਲਾਂ ਦਾ ਜਦੋਂ ਬਸੰਤੇ ਨੂੰ ਪੀਲੀਏ ਨੇ ਮੌਤ ਦੀ ਗਰਾਹੀ ਬਣਾ ਲਿਆ ਸੀ। ਹਸਪਤਾਲ ਤੋਂ ਜਦ ਬਸੰਤੇ ਦੀ ਲਾਸ਼ ਘਰ ਆਈ ਸੀ, ਉਸ ਦ੍ਰਿਸ਼ ਦੀ ਕਲਪਨਾ ਨਾਲ ਹੀ ਕਪੂਰੀ ਕੰਬ ਉੱਠੀ। ਫੱਗਣ ਮਹੀਨੇ ਦੀ ਇਸ ਠੰਢੀ ਰਾਤ ਵਿੱਚ ਵੀ ਜੇਠ-ਹਾੜ ਦੀ ਤਰ੍ਹਾਂ ਸਰੀਰ ਪਸੀਨੇ ਨਾਲ ਭਿੱਜ ਗਿਆ।
ਬਲਬ ਜਗ ਗਿਆ ਸੀ। ਕਪੂਰੀ ਨੇ ਉੱਠ ਕੇ ਸਟਾਰਟਰ ਦਾ ਹਰਾ ਬਟਨ ਦੱਬਿਆ। ਪੀਵੀਸੀ ਪਾਇਪ ਪਾਣੀ ਉਗਲਣ ਲੱਗ ਪਿਆ। ਕਹੀ ਚੁੱਕ ਕੇ ਉਹ ਪਾਣੀ ਲਈ ਰਾਹ ਬਣਾਉਣ ਲੱਗੀ। ਨੇੜਲੇ ਖੇਤਾਂ ਦੀਆਂ ਮੋਟਰਾਂ ਵੀ ਚਾਲੂ ਹੋ ਗਈਆਂ ਸਨ। ਸਭ ਦੇ ਖੂਹ ਸਨ। ਕਪੂਰੀ ਦੇ ਪਿਤਾ ਨੇ ਵੀ ਇੱਕ ਦੋ ਖੁਦਵਾਏ ਸੀ, ਪਾਣੀ ਨਹੀਂ ਨਿਕਲਿਆ।  ਇਸ ਲਈ ਖੇਤ ਦੇ ਦੱਖਣ ਵਿੱਚ ਵਹਿੰਦੇ ਛੋਟੇ ਜਿਹੇ ਨਾਲੇ ਵਿੱਚ ਜਿਹੜਾ ਪਾਣੀ ਮਿਲ ਜਾਵੇ ਉਹੀ ਉਸ ਦਾ ਨਸੀਬ ਹੈ। ਨੇੜਲੇ ਖੇਤਾਂ ਵਿੱਚ ਲਹਿਲਹਾਉਂਦੀ ਫਸਲ ਨੂੰ ਦੇਖਦੀ ਤਾਂ ਉਸ ਦੀਆਂ ਅੱਖਾਂ ਵਿੱਚ ਇੱਕ ਮਾਸੂਮ ਲਾਲਚ ਹੁੰਦਾ, ਜਿਵੇਂ ਭੁੱਖਾ ਬੱਚਾ ਮਠਿਆਈ  ਵੱਲ ਤੱਕਦਾ ਹੈ। ਦਿਨ ਵਿੱਚ ਸਿਰਫ ਇੱਕ ਘੰਟਾ ਬਿਜਲੀ ਮਿਲਦੀ ਸੀ ਅਤੇ ਰਾਤ ਵਿੱਚ ਦੋ ਜਾਂ ਤਿੰਨ ਘੰਟੇ। ਇਸ ਲਈ ਵਧੇਰੇ ਕਿਸਾਨ ਦਿਨ ਵਿੱਚ ਅਰਾਮ ਕਰਦੇ ਰਾਤ ਵਿੱਚ ਸੇਂਜਾ ਕਰਦੇ। ਤ੍ਰਾਸਦੀ ਇਹ ਸੀ ਕਿ ਤੀਹ ਸਾਲਾਂ ਦੀ ਜਵਾਨ ਕਪੂਰੀ ਰਾਤ ਰਾਤ ਭਰ ਖੇਤ ਦੀ ਮਿੱਟੀ ਵਿੱਚ ਸਿੰਚਾਈ ਕਰਨ ਲਈ ਖੁੱਭੀ ਰਹਿੰਦੀ।
ਇਕੱਲੀ ਸੰਤਾਨ ਕਪੂਰੀ, ਪਿਤਾ ਦੇ ਮਰਨ ਤੋਂ ਬਾਅਦ ਸਹੁਰਿਆਂ ਤੋਂ ਮਾਪੀਂ ਚੱਲੀ ਆਈ ਸੀ।  ਇੱਥੇ ਉਸ ਦੀ ਮਾਂ ਇਕੱਲੀ ਰਹਿੰਦੀ ਸੀ ਅਤੇ ਖੇਤੀ ਕਰਨ ਵਾਲਾ ਕੋਈ ਨਹੀਂ ਸੀ, ਇਸ ਲਈ ਬਸੰਤਾ ਵੀ ਨਾਲ ਆ ਗਿਆ। ਬਸੰਤੇ ਦੇ ਘਰ ਖੇਤੀ ਲਈ ਜ਼ਮੀਨ ਘੱਟ ਸੀ ਅਤੇ ਭਰਾ ਪੰਜ ਸਨ। ਬਸੰਤੇ ਨੇ ਸਹੁਰਿਆਂ ਦੀ ਖੇਤੀ ਸੰਭਾਲ ਲਈ ਸੀ। ਉਹ ਕਰਜ਼ਾ ਲੈ ਕੇ ਮੋਟਰ ਪੰਪ ਲੈ ਆਇਆ ਸੀ। ਇੱਕ ਹੀ ਵਾਰ ਸਿੰਚਾਈ ਕਰ ਸਕਿਆ ਅਤੇ ਬੇਵਕਤ ਮੌਤ ਦੀ ਗ੍ਰਾਹੀ ਬਣ ਗਿਆ।
ਕਪੂਰੀ ਦੇ ਸਾਹਮਣੇ ਮੋਟਰ ਪੰਪ ਦਾ ਦਸ ਹਜ਼ਾਰ ਦਾ ਕਰਜ਼ਾ, ਚੰਦੂ-ਰਿਤੇਸ਼ ਅਤੇ ਬੁੱਢੀ ਮਾਂ ਦੀ ਪਾਲਣਾ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਖੜ੍ਹੇ ਸਨ। ਉਸ ਨੇ ਛੇਤੀ ਹੀ ਹੰਝੂ ਪੂੰਝ ਲਏ। ਜਿਵੇਂ ਹਵਾ ਪਾਣੀ ਦਾ ਰੁੱਖ ਬਦਲ ਦਿੰਦੀ ਹੈ, ਸਮੇਂ ਨੇ ਕਪੂਰੀ ਦੇ ਜੀਵਨ ਦਾ ਰੁੱਖ ਬਦਲ ਦਿੱਤਾ। ਪਹਿਲਾਂ ਉਸ ਉੱਤੇ ਛਾਈ ਰਹਿਣ ਵਾਲੀ ਚੰਚਲਤਾ ਗੰਭੀਰਤਾ ਵਿੱਚ ਬਦਲ ਗਈ ਸੀ। ਉਸ ਦੇ ਬੜਬੋਲੇਪਨ ਨੇ ਖਾਮੋਸ਼ ਰਹਿਣਾ ਸਿੱਖ ਲਿਆ।
ਬਸੰਤੇ ਦੇ ਸੰਸਕਾਰ ਤੋਂ ਲੈ ਕੇ ਖੇਤਾਂ ਦੀ ਬਿਜਾਈ ਤੱਕ ਕਿਸ਼ਨੇ ਨੇ ਕਪੂਰੀ ਦਾ ਪੂਰੀ ਤਰ੍ਹਾਂ ਸਾਥ ਦਿੱਤਾ। ਕਿਸ਼ਨੇ ਦਾ ਖੇਤ ਕਪੂਰੀ ਦੇ ਖੇਤ ਨਾਲ ਲੱਗਦਾ ਸੀ। ਕਿਸ਼ਨੇ ਦੇ ਖੇਤ ਵਿੱਚ ਖੂਹ ਸੀ। ਸੋ ਪਾਣੀ ਵੀ ਭਰਪੂਰ ਸੀ।  ਬਸੰਤੇ ਦੇ ਮਰਨ ਦੇ ਸਾਲ ਕਿਸ਼ਨੇ ਨੇ ਕਪੂਰੀ ਦਾ ਮੋਟਰ ਪੰਪ ਆਪਣੇ ਖੂਹ ਵਿੱਚ ਰੱਖ ਲਿਆ ਅਤੇ ਆਪਣੇ ਖੇਤ ਤੋਂ ਕਪੂਰੀ ਦੀ ਪਾਈਪ ਲਾਈਨ ਨੂੰ ਵੀ ਪਾਣੀ ਜਾਣ ਦਿੱਤਾ। ਘੱਟ ਪੈਣ ਤੇ ਕੁੱਝ ਪਾਈਪ ਵੀ ਦਿੱਤੇ। ਕਿਸ਼ਨੇ ਦੇ ਪ੍ਰਤੀ ਕਪੂਰੀ ਦੀਆਂ ਅੱਖਾਂ ਵਿੱਚ ਅਕਸਰ ਅਹਿਸਾਨ ਦਿੱਸਦਾ ਸੀ। ਇਹ ਉਸ ਦੀਆਂ ਭਾਵਨਾਵਾਂ ਦੀ ਕੋਮਲਤਾ ਸੀ, ਪਰ ਕਿਸ਼ਨਾ ਉਸ ਅਹਿਸਾਨ ਦੀ ਭਾਵਨਾ ਨੂੰ ਕੁੱਝ ਹੋਰ ਹੀ ਸਮਝ ਬੈਠਾ ਸੀ। ਇੱਕ ਰਾਤ ਸੇਂਜਾ ਕਰਕੇ ਥੱਕੀ, ਢਾਰੇ ਵਿੱਚ ਸੁੱਤੀ  ਕਪੂਰੀ ਦੇ ਨਾਲ ਲੰਮਾ ਪੈ ਕੇ ਉਹ ਉਸ ਦਾ ਸਿਰ ਪਲੋਸਣ ਲੱਗਾ। ਕਪੁੂਰੀ ਇੱਕਦਮ ਉੱਠ ਕੇ ਬੈਠ ਗਈ। ਕਿਸ਼ਨੇ ਨੂੰ ਕੋਲ ਦੇਖ ਕੇ ਉਸ ਦਾ ਪੂਰਾ ਸਰੀਰ ਗੁੱਸੇ ਨਾਲ ਉਬਲ ਰਿਹਾ ਸੀ। ਉਸ ਨੇ ਰਿਤੇਸ਼ ਨੂੰ ਚੂੰਢੀ ਵੱਢੀ। ਉਹ ਜੋਰ ਦੀ ਰੋਣ ਲੱਗ ਪਿਆ। ਕਿਸ਼ਨਾ ਘਬਰਾ ਗਿਆ ਉਸ ਨੇ ਦੇਖਿਆ ਕਿ ਕਪੂਰੀ ਦੀਆਂ ਅੱਖਾਂ ਵਿੱਚੋਂ ਅਹਿਸਾਨਮੰਦੀ ਦੇ ਭਾਵ ਗਾਇਬ ਸਨ, ਉਸ ਦੀ ਥਾਂ ਗੁੱਸਾ ਉਬਲ ਰਿਹਾ ਸੀ। ਕਿਸ਼ਨਾ ਭੱਜਿਆ ਤਾਂ ਫੇਰ ਕਪੂਰੀ ਵੱਲ ਮੁੜ ਨਹੀਂ ਵੇਖਿਆ। ਖੂਹ ਤੋਂ ਕਪੂਰੀ ਦੀ ਮੋਟਰ ਹਟਾ ਦਿੱਤੀ। ਜਦੋਂ ਫਸਲ ਨੂੰ ਪਾਣੀ ਦੀ ਲੋੜ ਸੀ, ਨਹੀਂ ਮਿਲ ਸਕਿਆ ਪਾਣੀ। ਫਸਲ ਘੱਟ ਹੋਈ। ਸਿੱਟਾ, ਮੋਟਰ ਦਾ ਕਰਜ਼ਾ ਵਿਆਜ ਸਮੇਤ 10 ਤੋਂ 12 ਹਜ਼ਾਰ ’ਤੇ ਜਾ ਪੁੱਜਾ। ਘਰ ਦਾ ਖਰਚ ਬੀਜ-ਖਾਦ, ਬਿਜਲੀ ਬਿੱਲ, ਜਾਨਵਰਾਂ ਲਈ ਪੱਠਾ-ਦੱਥਾ ਅਤੇ ਮੋਟਰ ਦੇ ਵਿਆਜ ਦੇ ਚੱਲਦਿਆਂ ਕਪੂਰੀ ਦੇ ਚਿਹਰੇ ਉੱਤੇ ਪਸਰੀ ਉਦਾਸੀ ਹਮੇਸ਼ਾਂ ਦੇਖੀ ਜਾ ਸਕਦੀ ਸੀ।  ਰਾਤ 4 ਵਜੇ ਜਦ ਕਪੂਰੀ ਘਰ ਪੁੱਜੀ ਤਾਂ ਬਾਹਰ ਵਿਹੜੇ ਵਿੱਚ ਉਸ ਦੇ ਬਲਦ ਲੀਲਾ ਤੇ ਪੀਲਾ ਗਰਦਨ ਟੇਢੀ ਕਰਕੇ ਸੁੱਤੇ ਪਏ ਸਨ। ਉਸ ਦੇ ਪੈਰਾਂ ਦੀ ਬਿੜਕ ਸੁਣ ਕੇ ਉਨ੍ਹਾਂ ਨੇ ਗਰਦਨ ਚੁੱਕੀ। ਕਪੂਰੀ ਨੇ ਉਨ੍ਹਾਂ ਦੇ ਸਰੀਰ ’ਤੇ ਹੱਥ ਫੇਰਿਆ। ਮੰਜੇ ਉੱਤੇ ਸੌਂ ਰਹੇ ਚੰਦੂ-ਰਿਤੇਸ਼ ਨਾਲ ਉਹ ਸੌਂ ਗਈ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today114
Yesterday242
Week1339
Month4114
All69675

Weather

100°
38°
°F | °C
Clear
Humidity: 13%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41