


ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ ਦੋਵੇਂ ਦੇਸ਼ਾਂ ਨੂੰ ਸਾਰੇ ਵਿਵਾਦਗ੍ਰਸਤ ਦੁਵੱਲੇ ਮਾਮਲੇ ਠੰਢੇ ਬਸਤੇ ਵਿੱਚ ਪਾਉਂਦਿਆਂ ਵਪਾਰਕ ਹਿੱਤਾਂ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਹੈ। ਦੋਵਾਂ ਦੇਸ਼ਾਂ ਦਰਮਿਆਨ ਦੁਵੱਲੀ ਗੱਲਬਾਤ ਦੌਰਾਨ ਭਾਰਤ ਨੇ ਚੀਨ ਨੂੰ ਭਰੋਸਾ ਦਿੱਤਾ ਕਿ ਉਹ ਤਿੱਬਤ ਖੁਦਮੁਖਤਾਰ ਖਿੱਤੇ ਨੂੰ ਚੀਨ ਦਾ ਹਿੱਸਾ ਮੰਨਦਾ ਹੈ ਅਤੇ ਉਹ ਭਾਰਤੀ ਭੂਮੀ ਤੋਂ ਕਿਸੇ ਵੀ ‘ਤਾਕਤ‘ ਨੂੰ ਚੀਨ ਵਿਰੋਧੀ ਗਤੀਵਿਧੀਆਂ ਚਲਾਉਣ ਦੀ ਆਗਿਆ ਨਹੀਂ ਦੇਵੇਗਾ। ਭਾਰਤ ਦੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਚੀਨ ਦੌਰੇ ਦੌਰਾਨ ਚੀਨੀ ਨੇਤਾਵਾਂ ਨਾਲ ਕਈ ਮੁੱਦਿਆਂ ਉੱਤੇ ਵਿਸ਼ਤਾਰ ਨਾਲ ਗੱਲਬਾਤ ਕੀਤੀ ਹੈ। ਇਸ ਗੱਲਬਾਤ ਦੌਰਾਨ ਤਿੱਬਤ ਦਾ ਮੁੱਦਾ ਵੀ ਕਈ ਵਾਰ ਉੱਠਿਆ, ਪ੍ਰੰਤੂ ਭਾਰਤ ਨੇ ਇਸ ਮੁੱਦੇ ਉੱਤੇ ਤਿੱਬਤੀ ਲੋਕਾਂ ਦੀ ਬਾਂਹ ਫੜਨ ਦਾ ਯਤਨ ਨਹੀਂ ਕੀਤਾ। ਬੇਸ਼ੱਕ ਤਿੱਬਤੀ ਲੋਕਾਂ ਦੀ ਆਰਜੀ ਸਰਕਾਰ ਦਾ ਹੈੱਡਕੁਆਰਟਰ ਭਾਰਤ ਵਿੱਚ ਧਰਮਸ਼ਾਲਾ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਨੇ ਚੀਨ ਨਾਲ ਗੱਲਬਾਤ ਸਮੇਂ ਇਸ ਮੁੱਦੇ ਉੱਤੇ ਤਿੱਬਤੀ ਲੋਕਾਂ ਦੇ ਕਾਜ ਦੀ ਵਕਾਲਤ ਨਹੀਂ ਕੀਤੀ। ਇਹ ਬੇਹੱਦ ਅਫਸੋਸਨਾਕ ਗੱਲ ਹੈ ਕਿ ਇੱਕ ਪਾਸੇ ਭਾਰਤ ਤਿੱਬਤੀ ਲੋਕਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ, ਦੂਸਰੇ ਪਾਸੇ ਚੀਨ ਨਾਲ ਗੱਲਬਾਤ ਸਮੇਂ ਇਸ ਮੁੱਦੇ ’ਤੇ ਚੀਨ ਨਾਲ ਸਹਿਮਤੀ ਭਰਦਾ ਹੈ। ਜੇਕਰ ਭਾਰਤ ਤਿੱਬਤ ਦੇ ਮੁੱਦੇ ’ਤੇ ਚੀਨ ਨਾਲ ਸਹਿਮਤ ਹੈ ਤਾਂ ਤਿੱਬਤੀ ਲੋਕਾਂ ਨੂੰ ਭਾਰਤ ਵਿੱਚ ਸਿਆਸੀ ਸਰਗਰਮੀ ਦੀ ਇਜਾਜਤ ਕਿਸ ਆਧਾਰ ਤੇ ਦਿੱਤੀ ਜਾ ਰਹੀ ਹੈ। ਹੋਰ ਤਾਂ ਹੋਰ ਭਾਰਤੀ ਵਿਦੇਸ਼ ਮੰਤਰੀ ਨੇ ਤਿੱਬਤੀ ਲੋਕਾਂ ਤੇ ਹੋ ਰਹੇ ਜ਼ੁਲਮਾਂ ਪ੍ਰਤੀ ਵੀ ਚੀਨ ਕੋਲ ਕੋਈ ਰੋਸ ਪ੍ਰਗਟ ਨਹੀਂ ਕੀਤਾ, ਸਗੋਂ ਤਿੱਬਤ ਖੁਦਮੁਖਤਾਰ ਖਿੱਤੇ ਬਾਰੇ ਭਾਰਤ ਦੀ ਪੁਜੀਸ਼ਨ ਦੁਹਰਾਇਆ ਅਤੇ ਤਿੱਬਤੀਆਂ ਵੱਲੋਂ ਚੀਨ ਅੰਦਰ ਛੇੜੇ ਗਏ ਅੰਦੋਲਨ ਨੂੰ ਸਿੱਝਣ ਲਈ ਚੀਨੀ ਅਧਿਕਾਰੀਆਂ ਵੱਲੋਂ ਅਪਣਾਈ ਰਣਨੀਤੀ ਨੂੰ ਚੀਨ ਦਾ ਅੰਦਰੂਨੀ ਮਾਮਲਾ ਦੱਸਿਆ ਹੈ। ਚੀਨ ਦੇ ਦੱਖਣੀ ਰਾਜਾਂ ਵਿਚ ਤਿੱਬਤੀਆਂ ਲੋਕਾਂ ਵੱਲੋਂ ਵੱਲੋਂ ਕਈ ਸਾਲਾਂ ਤੋਂ ਅੰਦੋਲਨ ਚਲਾਇਆ ਜਾ ਰਿਹਾ ਹੈ ਜਿਸ ਦੌਰਾਨ ਕਈ ਤਿੱਬਤੀ ਯੁਵਕ ਆਤਮਦਾਹ ਕਰ ਚੁੱਕੇ ਹਨ। ਸੁਭਾਵਕ ਤੌਰ ਤੇ ਚੀਨੀ ਸਰਕਾਰ ਵੱਲੋਂ ਇਸ ਸਬੰਧ ਵਿੱਚ ਭਾਰਤੀ ਰੁਖ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਕਿਹਾ ਗਿਆ ਕਿ ਭਾਰਤ ‘ਚੰਗੇ ਗੁਆਂਢੀ’ ਵਾਲੀ ਭੂਮਿਕਾ ਨਿਭਾ ਰਿਹਾ ਹੈ।ਦੂਸਰੇ ਮਾਮਲਿਆਂ ਵਿੱਚ ਵੀ ਭਾਰਤ ਵੱਲੋਂ ਚੀਨ ਨਾਲ ਨਰਮੀ ਵਰਤੀ ਜਾ ਰਹੀ ਹੈ। ਦੂਸਰੇ ਪਾਸੇ ਚੀਨ ਭਾਰਤ ਨਾਲ ਵਪਾਰ ਨੂੰ ਸੌ ਅਰਬ ਡਾਲਰ ’ਤੇ ਲਿਜਾਉਣ ਲਈ ਯਤਨ ਕਰ ਰਿਹਾ ਹੈ। ਭਾਰਤ ਨੂੰ ਚਾਹੀਦਾ ਹੈ ਕਿ ਉਹ ਦੁਵੱਲੇ ਮੁੱਦਿਆਂ ਤੇ ਕਰੜਾ ਰੁੱਖ ਅਖਤਿਆਰ ਕਰੇ।
-ਬਲਜੀਤ ਸਿੰਘ ਬਰਾੜ



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO