


ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਇਹ ਦੋਸ਼ ਲਗਾਏ ਜਾਂਦੇ ਹਨ ਕਿ ਕੇਂਦਰ ਸਰਕਾਰ ਗਰਾਟਾਂ ਦੇ ਮਾਮਲੇ ਵਿੱਚ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ, ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਗਰਾਟਾਂ ਨੂੰ ਵਰਤਿਆ ਨਹੀਂ ਜਾ ਰਿਹਾ। ਇਹ ਬਹੁਤ ਹੀ ਗੰਭੀਰ ਵਰਤਾਰਾ ਹੈ। ਜੇਕਰ ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਗਰਾਟਾਂ ਦੀ ਸਮੇਂ ਸਿਰ ਵਰਤੋਂ ਨਹੀਂ ਹੁੰਦੀ ਤਾਂ ਉਹ ਪੈਸਾ ਵਾਪਸ ਚੱਲਾ ਜਾਂਦਾ ਹੈ। ਪੰਜਾਬ ਸਰਕਾਰ ਦੀ ਆਰਥਿਕ ਹਾਲਤ ਬਹੁਤੀ ਠੀਕ ਨਹੀਂ ਹੈ। ਅਜਿਹੇ ਹਾਲਾਤਾਂ ਵਿੱਚ ਕੇਂਦਰੀ ਗਰਾਟਾਂ ਦਾ ਵਾਪਸ ਚੱਲੇ ਜਾਣਾ ਬਹੁਤ ਹੀ ਮੰਦਭਾਗਾ ਹੈ। ਇਹ ਦੁੱਖ ਦੀ ਗੱਲ ਹੈ ਕਿ ਪੈਸੇ ਦੀ ਲੋੜ ਸਮੇਂ ਪੈਸੇ ਦੀ ਵਰਤੋਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪੈਸੇ ਦੀ ਕਮੀ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਤ ਹੁੰਦਾ ਹੈ ਅਤੇ ਇਸ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਸਰਕਾਰੀ ਗਰਾਟਾਂ ਦੀ ਠੀਕ ਤਰ੍ਹਾਂ ਵਰਤੋਂ ਲਈ ਵੀ ਉਚੇਚੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਜੇਕਰ ਸਰਕਾਰੀ ਪੈਸੇ ਦੀ ਵਰਤੋਂ ਇਮਾਨਦਾਰੀ ਅਤੇ ਦੂਰ ਦ੍ਰਿਸ਼ਟੀ ਨਾਲ ਕੀਤੀ ਜਾਵੇ ਤਾਂ ਇਸ ਨਾਲ ਹਾਲਾਤ ਕਾਫੀ ਹੱਦ ਤੱਕ ਬਦਲ ਸਕਦੇ ਹਨ। ਵਿਕਾਸ ਦੇ ਬਹੁਤੇ ਕਾਰਜ ਇਸ ਕਾਰਨ ਹੀ ਨੇਪਰੇ ਨਹੀਂ ਚੜ੍ਹਦੇ ਕਿਉਂਕਿ ਸਰਕਾਰੀ ਗਰਾਟਾਂ ਦੀ ਠੀਕ ਤਰੀਕੇ ਨਾਲ ਵਰਤੋਂ ਨਹੀਂ ਕੀਤੀ ਜਾਂਦੀ। ਇਨ੍ਹਾਂ ਗਰਾਟਾਂ ਦੀ ਵਰਤੋਂ ਸਮੇਂ ਇਮਾਨਦਾਰੀ ਨੂੰ ਕਾਇਮ ਰੱਖਿਆ ਜਾਣਾ ਹੋਰ ਵੀ ਜਰੂਰੀ ਹੈ। ਸਿੱਖਿਆ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਪੈਸੇ ਵੀ ਵਰਤੇ ਨਹੀਂ ਜਾ ਰਹੇ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਰਵ ਸਿੱਖਿਆ ਅਭਿਆਨ ਯੋਜਨਾ ਅਧੀਨ ਭੇਜੀ ਗਈ 481 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵਿੱਚ ਬਣਦਾ ਯੋਗਦਾਨ ਨਾ ਪਾਏ ਜਾਣ ਕਾਰਨ ਬਾਕੀ ਦੀ ਗਰਾਂਟ ਜਾਰੀ ਹੋਣ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜੇਕਰ ਚਲੰਤ ਮਾਲੀ ਸਾਲ ਦੌਰਾਨ ਇਸ ਖੇਤਰ ਵਿੱਚ 1051 ਕਰੋੜ ਰੁਪਏ ਦੀ ਗਰਾਂਟ ਖਰਚ ਕਰਨ ਵਿੱਚ ਸਫਲਤਾ ਨਹੀਂ ਮਿਲਦੀ ਤਾਂ ਅਗਾਮੀ ਵਿੱਤੀ ਵਰ੍ਹੇ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਮਿਲਣ ਵਾਲੀ ਗਰਾਂਟ ਦੇ ਹਿੱਸੇ ਵਿੱਚ ਕਟੌਤੀ ਹੋ ਜਾਵੇਗੀ। ਪੰਜਾਬ ਨੂੰ ਸਰਵ ਸਿੱਖਿਆ ਅਭਿਆਨ ਅਧੀਨ ਕੇਂਦਰ ਸਰਕਾਰ ਨੇ 481 ਕਰੋੜ ਰੁਪਏ ਜਾਰੀ ਕੀਤੇ ਤਾਂ ਰਾਜ ਸਰਕਾਰ ਨੇ ਇਸ ਵਿੱਚ 259 ਕਰੋੜ ਰੁਪਏ ਦਾ ਯੋਗਦਾਨ ਪਾਉਣਾ ਸੀ। ਰਾਜ ਸਰਕਾਰ ਕੇਵਲ 65 ਕਰੋੜ ਰੁਪਏ ਜਾਰੀ ਕਰ ਸਕੀ। ਸਿੱਟੇ ਵੱਜੋਂ ਕੇਂਦਰ ਸਰਕਾਰ ਨੇ ਇਸ ਗਰਾਂਟ ਦੀਆਂ ਅਗਲੀਆਂ ਕਿਸ਼ਤਾਂ ਜਾਰੀ ਕਰਨ ਤੇ ਰੋਕ ਲਗਾ ਦਿੱਤੀ। ਪੈਸੇ ਦੀ ਕਮੀ ਕਾਰਨ ਸਕੂਲਾਂ ਵਿੱਚ ਕਮਰਿਆਂ ਅਤੇ ਪਖਾਨਿਆਂ ਆਦਿ ਦੀ ਉਸਾਰੀ ਦਾ ਕੰਮ ਰੁਕਿਆ ਪਿਆ ਹੈ। ਪੈਸੇ ਦੀ ਕਮੀ ਕਾਰਨ ਪੰਜਾਬ ਦਾ ਸਿੱਖਿਆ ਵਿਭਾਗ ਮਾੜੇ ਹਾਲਾਤਾਂ ਵਿੱਚ ਹੈ। ਸਰਵ-ਸਿੱਖਿਆ ਅਭਿਆਨ ਤਹਿਤ ਦਿੱਤੇ ਜਾਣ ਵਾਲੇ ਫੰਡ ਜਾਰੀ ਨਾ ਹੋਣ ਵਾਲੇ ਉਸਾਰੀ ਕੰਮ ਠੱਪ ਪਏ ਹਨ ਅਤੇ 17 ਹਜ਼ਾਰ ਅਧਿਆਪਕਾਂ ਨੂੰ ਤਨਖਾਹਾਂ ਦਾ ਭੁਗਤਾਨ ਕਰਨਾ ਮੁਸ਼ਕਲ ਹੋਇਆ ਪਿਆ ਹੈ। ਕੰਪਿਊਟਰ ਅਧਿਆਪਕਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ। ਪੰਜਾਬ ਸਰਕਾਰ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਿੱਖਿਆ ਦੇ ਪੱਧਰ ਨੂੰ ਕਾਇਮ ਰੱਖਿਆ ਜਾ ਸਕੇ।
-ਬਲਜੀਤ ਸਿੰਘ ਬਰਾੜ



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO