


ਪਾਕਿਸਤਾਨ ਵਿੱਚ ਰਹਿ ਗਏ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਦੀ ਸੰਗਤ ਨੂੰ ਭਾਰੀ ਤਰੱਦਦ ਕਰਨਾ ਪੈਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ ਪਾਕਿਸਤਾਨ ਵਿੱਚ ਕਈ ਗੁਰਦੁਆਰਾ ਸਾਹਿਬਾਨ ਹਨ। ਕਰਤਾਰਪੁਰ ਵਿਖੇ ਸਥਿਤ ਗੁਰਦੁਆਰਾ ਤਾਂ ਭਾਰਤੀ ਪੰਜਾਬ ਦੀ ਹੱਦ ਨਾਲ ਹੀ ਲੱਗਦਾ ਹੈ। ਸਿੱਖ ਭਾਈਚਾਰੇ ਵੱਲੋਂ ਲੰਬੇ ਸਮੇਂ ਤੋਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਇਸ ਸਬੰਧ ਵਿੱਚ ਸਹਿਮਤੀ ਦੇਣ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਹੁਤ ਸੁਖਾਲੇ ਹੋ ਸਕਦੇ ਹਨ। ਇਸ ਲਾਂਘੇ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਤੇ ਵੀ ਕੋਈ ਅਸਰ ਨਹੀਂ ਪੈਣ ਵਾਲਾ, ਸਗੋਂ ਇਸ ਨਾਲ ਹੋਰ ਸਦਭਾਵਨਾ ਵਧੇਗੀ, ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਿੱਖ ਭਾਈਚਾਰੇ ਦੀਆਂ ਕਈ ਜੱਥੇਬੰਦੀਆਂ ਵੱਲੋਂ ਇਸ ਸਬੰਧ ਵਿੱਚ ਲਗਾਤਾਰ ਯਤਨਾਂ ਦੇ ਬਾਵਜੂਦ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਯੋਗ ਹੁੰਗਾਰਾ ਨਹੀਂ ਭਰ ਰਹੀਆਂ। ਅਮਰੀਕਾ ਵਿੱਚ ਵੱਸੇ ਸਿੱਖਾਂ ਵੱਲੋਂ ਇਸ ਸਬੰਧ ਵਿੱਚ ਉਚੇਚੇ ਯਤਨ ਕੀਤੇ ਜਾ ਰਹੇ ਹਨ। ਅਜਿਹੇ ਯਤਨਾਂ ਤਹਿਤ ਕਰਤਾਰਪੁਰ ਪ੍ਰਾਜੈਕਟ ਪ੍ਰੋਗਰਾਮ ਸੰਸਥਾ ਵੱਲੋਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਹੋ ਰਹੀ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ ਸਹਿਯੋਗ ਦੀ ਵੀ ਜ਼ਰੂਰਤ ਹੈ। ਇਸ ਸਬੰਧ ਵਿੱਚ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਪੂਰਾ ਜ਼ੋਰ ਲਗਾ ਰਹੀਆਂ ਹਨ ਅਤੇ ਆਪਣੇ ਅਸਰ ਰਸੂਖ ਰਾਹੀਂ ਹਰ ਪਾਸਿਉਂ ਦਬਾਅ ਬਣਾ ਰਹੀਆਂ ਹਨ। ਪ੍ਰਵਾਸੀ ਪੰਜਾਬੀ ਡਾ. ਸੁਰਿੰਦਰ ਸਿੰਘ ਗਿੱਲ, ਸ.ਅਮਰ ਸਿੰਘ ਮੱਲ੍ਹੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਸ ਸਬੰਧ ਵਿੱਚ ਕੀਤੇ ਗਏ ਯਤਨ ਖਾਸ ਤੌਰ ਤੇ ਸ਼ਲਾਘਾਯੋਗ ਹਨ। ਉਨ੍ਹਾਂ ਦੇ ਯਤਨਾਂ ਨਾਲ ਪੰਜਾਬ ਵਿਧਾਨ ਸਭਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤੇ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜੇ ਗਏ ਹਨ। ਇਸ ਪ੍ਰਾਜੈਕਟ ਲਈ ਪ੍ਰਵਾਸੀ ਪੰਜਾਬੀ ਸਾਰੇ ਪੈਸੇ ਖਰਚਣ ਲਈ ਵੀ ਤਿਆਰ ਹਨ। ਕਹਿਣ ਦਾ ਭਾਵ ਇਹ ਹੈ ਕਿ ਇਸ ਮਾਰਗ ਨੂੰ ਬਣਾਉਣ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤੇ ਕੋਈ ਬੋਝ ਨਹੀਂ ਪੈਣਾ। ਬੇਸ਼ੱਕ ਇਸ ਸਬੰਧ ਵਿੱਚ ਭਾਰਤ ਸਰਕਾਰ ਦਾ ਰੱਵਈਆ ਕੋਈ ਹਾਂ-ਪੱਖੀ ਨਹੀਂ ਹੈ । ਲੰਘੇ ਨਵੰਬਰ ਮਹੀਨੇ ਭਾਰਤੀ ਪਾਰਲੀਮੈਂਟ ਹਾਊਸ ਵਿਚ ਕਾਂਗਰਸੀ ਸੰਸਦ ਮੈਂਬਰ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਮਾਮਲਾ ਉਠਾਇਆ ਸੀ, ਪਰ ਹਾਲੇ ਤੱਕ ਇਸ ਸਬੰਧੀ ਕਾਰਵਾਈ ਅੱਗੇ ਨਹੀਂ ਤੁਰੀ। ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਨਵੇਂ ਸਾਲ ਵਿੱਚ ਇਸ ਸਬੰਧੀ ਗੱਲ ਹੋਰ ਅੱਗੇ ਤੁਰੇਗੀ। ਇਹ ਰਸਤਾ ਖੁੱਲ੍ਹਣ ਨਾਲ ਦੋਹਾਂ ਪਾਸਿਉਂ ਵਪਾਰ ਅਤੇ ਰੋਜ਼ਗਾਰ ਦੇ ਵਸੀਲਿਆਂ ਵਿੱਚ ਵੀ ਵਾਧਾ ਹੋਵੇਗਾ। ਦੋਵਾਂ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਇਸ ਮਾਰਗ ਦੀ ਪ੍ਰਵਾਨਗੀ ਲਈ ਤੁਰੰਤ ਸਹਿਮਤੀ ਦੇਣ, ਤਾਂ ਜੋ ਇਸ ਪ੍ਰੋਜੈਕਟ ’ਤੇ ਤੁਰੰਤ ਕੰਮ ਸ਼ੁਰੂ ਹੋ ਸਕੇ।
-ਬਲਜੀਤ ਸਿੰਘ ਬਰਾੜ



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO