



ਆਨੰਦ ਮੈਰਿਜ ਐਕਟ ਵਿੱਚ ਸੋਧ ਉਪਰੰਤ ਇੱਕ ਵਾਰ ਫਿਰ ਸੰਵਿਧਾਨ ਦੀ ਧਾਰਾ 25 (ਬੀ) ਵਿੱਚ ਸੋਧ ਕੀਤੇ ਜਾਣ ਦੀ ਚਰਚਾ ਹੋ ਰਹੀ ਹੈ। 15 ਅਗਸਤ 1947 ਨੂੰ ਹੋਈ ਦੇਸ਼ ਦੀ ਵੰਡ ਸਮੇਂ ਸਿੱਖਾਂ ਦੀ ਗਿਣਤੀ 40 ਕਰੋੜ ਦੀ ਵਸੋਂ ਵਿੱਚ ਸਿਰਫ਼ 60 ਲੱਖ ਹੀ ਸੀ। ਉਨਾਂ ਦੀ ਹਰ ਮੰਗ ਦਰਕਿਨਾਰ ਕਰ ਦਿੱਤੀ ਗਈ। ਸਿੱਖ ਕੌਮ ਦੇ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਕਾਂਗਰਸ ਵੱਲੋਂ ਸਿੱਖਾਂ ਨਾਲ ਕੀਤੇ ਕਰਾਰ ਯਾਦ ਕਰਵਾਏ ਤਾਂ ਸਪਸ਼ਟ ਜਵਾਬ ਮਿਲਿਆ, ‘‘ਹਾਲਾਤ ਬਦਲ ਗਏ ਹਨ। ਸੰਵਿਧਾਨ ਦੀ ਧਾਰਾ 25 (ਬੀ) ਤਹਿਤ, ਉਨਾਂ ਨੂੰ ਬਾਕੀ ਧਰਮਾਂ (ਜੈਨ, ਬੁੱਧ) ਵਾਂਗ ਭਾਰਤੀ ਧਰਮ ਕਹਿਣ ਦੀ ਬਜਾਏ ਹਿੰਦੂ ਧਰਮ ਵਜੋਂ ਪੇਸ਼ ਕੀਤਾ ਗਿਆ। ਸੰਨ 1949 ਵਿੱਚ ਜਦੋਂ ਸੰਵਿਧਾਨ ਦੀ ਆਖ਼ਰੀ ਰੀਡਿੰਗ ਹੋਈ ਤਾਂ ਸਿੱਖਾਂ ਦੇ ਦੋਨੋਂ ਨੁਮਾਇੰਦਿਆਂ ਹੁਕਮ ਸਿੰਘ ਅਤੇ ਭੁਪਿੰਦਰ ਸਿੰਘ ਮਾਨ ਨੇ ਸਮੁੱਚੀ ਕੌਮ ਵੱਲੋਂ ਇਸ ਸੰਵਿਧਾਨ ਨੂੰ ਅਪ੍ਰਵਾਨ ਕੀਤਾ, ਲੇਕਿਨ ਨਗਾਰ ਖਾਨੇ ਵਿੱਚ ਤੂਤੀ ਦੀ ਆਵਾਜ਼ ਕੌਣ ਸੁਣਦਾ ਹੈ? ਆਜ਼ਾਦ ਹਿੰਦੁਸਤਾਨ ਵਿੱਚ ਸਿੱਖਾਂ ਨਾਲ ਵਿਤਕਰੇ ਜਾਰੀ ਰਹੇ ਤੇ ਸਿੱਖਾਂ ਦਾ ਸੰਘਰਸ਼ ਵੀ ਲਗਾਤਾਰ ਜਾਰੀ ਰਿਹਾ। ਸੰਵਿਧਾਨ ਦੀ ਧਾਰਾ 25 (ਬੀ) ਵਿੱਚ ਸੋਧ ਕੀਤੇ ਜਾਣ ਦੀ ਮੁੱਖ ਮੰਗ ਲੈ ਕੇ ਲਗਾਏ ਜਾਣ ਵਾਲੇ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਸਿੱਖ ਵਿਦਵਾਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਪਰਾਲੇ ਆਰੰਭ ਦਿੱਤੇ ਸਨ। ਚੀਫ ਖਾਲਸਾ ਦੀਵਾਨ ਦੀ ਸਿੱਖ ਐਜੂਕੇਸ਼ਨ ਕਾਨਫਰੰਸ ਵਿੱਚ ਵੀ ਸੰਵਿਧਾਨ ਦੀ ਧਾਰਾ 25 (ਬੀ) ਦਾ ਮੁੱਦਾ ਭਾਰੂ ਰਿਹਾ।ਧਰਮ ਯੁੱਧ ਮੋਰਚੇ ਦੀ ਇੱਕ ਅਹਿਮ ਧਾਰਮਿਕ ਮੰਗ, ਧਾਰਾ 25 (ਬੀ) ਵਿੱਚ ਸੋਧ ਕਰਾਉਣਾ ਵੀ ਸੀ ਤਾਂ ਕਿ ਸਿੱਖਾਂ ਨੂੰ ਵਿਧਾਨਿਕ ਤੌਰ ‘ਤੇ ਇੱਕ ਵੱਖਰੀ ਕੌਮ ਵਜੋਂ ਮਾਨਤਾ ਪ੍ਰਾਪਤ ਹੋਵੇ। ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੇਤ ਕਈ ਆਗੂਆਂ ਨੇ ਧਾਰਾ 25 (ਬੀ) ਪਾੜ ਦਿੱਤੀ ਸੀ। ਛੇ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਹੋ ਗਿਆ ਤੇ ਸਿੱਖਾਂ ਦੀ ਧਾਰਾ 25 (ਬੀ) ਸੋਧ ਕੀਤੇ ਜਾਣ ਦੀ ਮੰਗ ਵਿੱਚ-ਵਿਚਾਲੇ ਹੀ ਰਹਿ ਗਈ। ਕੇਂਦਰ ਸਰਕਾਰ ਵੱਲੋਂ ਭਾਰਤੀ ਸੰਵਿਧਾਨ ਦੀ ਮੁੜ ਸਮੀਖਿਆ ਲਈ ਗਠਿਤ ਜਸਟਿਸ ਵੈਂਕਟਚਲਈਆ ਕਮਿਸ਼ਨ ਨੇ ਵੀ ਇਸ ਗੱਲ ਦੀ ਸਿਫ਼ਾਰਸ਼ ਕੀਤੀ ਕਿ ਧਾਰਾ 25 (ਬੀ) ਅੰਦਰ ਦਰਜ ਸਿਰਲੇਖ ਹਿੰਦੂ ਵਿੱਚੋਂ ਸ਼ਬਦ ‘ਸਿੱਖ‘ ਕੱਢ ਦੇਣਾ ਚਾਹੀਦਾ ਹੈ। ਤਰਲੋਚਨ ਸਿੰਘ ਦੀ ਅਗਵਾਈ ਹੇਠ ਘੱਟ ਗਿਣਤੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਧਾਰਾ 25 (ਬੀ) ਵਿੱਚ ਸੋਧ ਦਾ ਮਤਾ ਪਾਸ ਕਰ ਦਿੱਤਾ।ਸਾਲ 2008 ਵਿੱਚ ਸਰਕਾਰ ਵੱਲੋਂ ਵਿਆਹ ਰਜਿਸਟਰ ਕਰਨਾ ਜ਼ਰੂਰੀ ਕਰਾਰ ਦਿੱਤੇ ਜਾਣ ‘ਤੇ ਰਾਜ ਸਭਾ ਵਿੱਚ ਇੱਕ ਤਰਮੀਮ ਪੇਸ਼ ਕੀਤੀ ਕਿ ਆਨੰਦ ਮੈਰਿਜ ਐਕਟ ਵਿੱਚ ਲੋੜੀਂਦੀ ਸੋਧ ਕੀਤੀ ਜਾਵੇ। ਭਾਰਤੀ ਲੋਕ ਸਭਾ ਵਿੱਚ ਆਨੰਦ ਮੈਰਿਜ ਐਕਟ ਸੋਧ ਪਾਸ ਹੋਣ ਤੋਂ ਪਹਿਲਾਂ ਵੱਖ-ਵੱਖ ਮੰਤਰਾਲਿਆਂ ਦੀ ਸਹਿਮਤੀ ਲਈ। ਕੇਂਦਰੀ ਕਾਨੂੰਨ ਮੰਤਰੀ ਜਨਾਬ ਸਲਮਾਨ ਖੁਰਸ਼ੀਦ ਨੇ ਕਾਨੂੰਨ ਮੰਤਰਾਲੇ ਪਾਸੋਂ ਪ੍ਰਵਾਨਗੀ ਦਿਵਾਈ। ਆਖ਼ਰ 12 ਅਪਰੈਲ ਨੂੰ ਲੋਕ ਸਭਾ ਨੇ ਆਨੰਦ ਮੈਰਿਜ ਐਕਟ ਨੂੰ ਪ੍ਰਵਾਨਗੀ ਦੇ ਦਿੱਤੀ। ਆਨੰਦ ਮੈਰਿਜ ਐਕਟ 2012, ਇੱਕ ਮੁਕੰਮਲ ਐਕਟ ਨਹੀਂ ਹੈ। ਇਹ ਸਿਰਫ਼ ਮਰਿਆਦਾ ਅਨੁਸਾਰ ਹੋਏ ਵਿਆਹਾਂ ਨੂੰ ਆਨੰਦ ਮੈਰਿਜ ਐਕਟ ਤਹਿਤ ਰਜਿਸਟਰ ਕੀਤੇ ਜਾਣ ਦੀ ਪ੍ਰਵਾਨਗੀ ਦਿੰਦਾ ਹੈ। ਕੁਝ ਵਿਦਵਾਨਾਂ ਨੇ ਸਿੱਖ ਪਰਸਨਲ ਲਾਅ ਬਣਾਏ ਜਾਣ ਦੀ ਵਕਾਲਤ ਕੀਤੀ ਹੈ। ਚੀਫ ਖਾਲਸਾ ਦੀਵਾਨ ਨੇ ਇੱਕ ਸੈਮੀਨਾਰ ਕਰਵਾ ਕੇ ਸਿੱਖ ਪਰਸਨਲ ਲਾਅ ਬਣਾਏ ਜਾਣ ਦੀ ਮੰਗ ਕੀਤੀ । ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਦਲਜੀਤ ਸਿੰਘ ਨੇ ਨਵੀਆਂ ਮੱਦਾਂ ਵਾਲੇ ਐਕਟ ਦਾ ਖਰੜਾ ਤਿਆਰ ਕੀਤਾ ਹੈ। ਸਾਰੀਆਂ ਸੰਭਾਵਿਤ ਸੋਧਾਂ ਕਰਾਉਣ ਲਈ ਸਿੱਖਾਂ ਨੂੰ ਲੋਕ ਸਭਾ, ਰਾਜ ਸਭਾ ਵਿੱਚ ਹਮਾਇਤ ਲੈਣੀ ਪਵੇਗੀ । ਇਸ ਨੂੰ ਕਰਨ ਦੇ ਰਾਹ ਵਿੱਚ ਇੱਕ ਵਾਰ ਫਿਰ ਧਾਰਾ 25 (ਬੀ) ਆਵੇਗੀ। ਇਸ ਲਈ ਇਸ ਵਿੱਚ ਸੋਧ ਕਰਾਉਣੀ ਅਹਿਮ ਹੈ।
-ਬਲਜੀਤ ਸਿੰਘ ਬਰਾੜ
