



ਵਿੱਤ ਮੰਤਰਾਲੇ ਦਾ ਚਾਰਜ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਡਾਵਾਂਡੋਲ ਅਰਥਚਾਰੇ ਨੂੰ ਇਕ ਨਵਾਂ ਹੁਲਾਰਾ ਦੇਣ ਦੇ ਇਰਾਦੇ ਨਾਲ ਮਾਯੂਸੀ ਦਾ ਆਲਮ ਦੂਰ ਕਰਕੇ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਲਈ ਕਈ ਕਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ ਹਨ।ਦੇਸ਼ ਦੇ ਮਾਲੀ ਮੰਦਵਾੜੇ ਅਤੇ ਆਰਥਿਕ ਵਿਕਾਸ ਦੀ ਖੜੋਤ ਨੂੰ ਕਾਬੂ ਪਾਉਣ ਲਈ ਮੁਲਕ ਦੇ ਆਰਥਿਕ ਮਾਮਲਿਆਂ ਨਾਲ ਸਬੰਧਤ ਸਕੱਤਰਾਂ ਨਾਲ ਮੀਟਿੰਗ ਕੀਤੀ। ਚਾਲੂ ਮਾਲੀ ਹਾਲਾਤ ਦਾ ਜਾਇਜ਼ਾ ਲਿਆ। ਸ੍ਰੀ ਪ੍ਰਣਬ ਮੁਖਰਜੀ ਵੱਲੋਂ ਵਜ਼ਾਰਤ ਤੋਂ ਅਸਤੀਫਾ ਦੇਣ ਤੋਂ ਬਾਅਦ ਡਾ. ਮਨਮੋਹਨ ਸਿੰਘ ਨੇ ਮੁਲਕ ਵਿੱਚ ਮੰਦਵਾੜੇ ਦੇ ਮਾਹੌਲ ਨੂੰ ਬਦਲਣ ਦਾ ਸੱਦਾ ਦਿੱਤਾ ਸੀ। ਭਾਰਤ ਦੀ ਸਾਲਾਨਾ ਆਰਥਿਕ ਵਿਕਾਸ ਦਰ ਖਿਸਕ ਕੇ 2011-12 ਦੌਰਾਨ 9 ਸਾਲ ਦੀ ਸਭ ਤੋਂ ਹੇਠਲੀ ਦਰ 6.5 ਫੀਸਦੀ ਉੱਤੇ ਪੁੱਜ ਗਈ ਸੀ ਤੇ ਚਾਲੂ ਮਾਲੀ ਸਾਲ ਵਿੱਚ ਵੀ ਹਾਲਾਤ ਸੁਧਰਨ ਦੇ ਆਸਾਰ ਨਹੀਂ ਹਨ। ਇਸੇ ਤਰ•ਾਂ ਭਾਰਤੀ ਰੁਪਏ ਦੀ ਵੀ ਹਾਲ ਹੀ ਵਿੱਚ ਪੂਰੀ ਤਰ•ਾਂ ਬੇਕਦਰੀ ਹੋਈ ਹੈ ਤੇ ਇਹ ਡਾਲਰ ਦੇ ਮੁਕਾਬਲੇ 57 ਰੁਪਏ ਤੱਕ ਚਲਾ ਗਿਆ ਹੈ।ਮਨਮੋਹਨ ਸਿੰਘ ਨੇ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ, ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮੁਖੀ ਸੀ. ਰੰਗਰਾਜਨ ਅਤੇ ਵਿੱਤ ਮੰਤਰਾਲੇ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਕੀਤੀਆਂ ਕਈ ਮੀਟਿੰਗਾਂ ਵਿੱਚ ਅਰਥਚਾਰੇ ਦੀ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਆਖਿਆ ”ਮਾਯੂਸੀ ਦੇ ਆਲਮ ਨੂੰ ਮੋੜਾ ਪਾਓ… ਦੇਸ਼ ਦੇ ਅਰਥਚਾਰੇ ਵਿੱਚ ਮੁੜ ਕੇ ਜੋਸ਼ ਭਰੋ।””ਫੌਰੀ ਤੌਰ ‘ਤੇ ਅਦਾਇਗੀਆਂ ਦੇ ਤਵਾਜ਼ਨ ਨੂੰ ਸੰਭਾਲਣ ‘ਤੇ ਜ਼ੋਰ ਦੇਣਾ ਪਵੇਗਾ ਜੀਹਦੇ ਲਈ ਸਾਰੀਆਂ ਨੀਤੀਆਂ ਇਸ ਕਦਰ ਸੇਧਤ ਕਰਨੀਆਂ ਪੈਣਗੀਆਂ ਕਿ ਸੰਸਥਾਈ ਨਿਵੇਸ਼ ਭਾਰਤ ਵੱਲ ਮੋੜਨ ‘ਚ ਮਦਦ ਮਿਲ ਸਕੇ। ਅਲਪਕਾਲੀ ਤੌਰ ‘ਤੇ ਘਰੋਗੀ ਤੇ ਕੌਮਾਂਤਰੀ ਦੋਵੇਂ ਪੱਧਰਾਂ ‘ਤੇ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਦੀ ਲੋੜ ਹੈ।” ਮੀਟਿੰਗਾਂ ਦੌਰਾਨ ਮਾਲੀ ਤੇ ਚਲੰਤ ਖਾਤਾ ਘਾਟਿਆਂ ਨੂੰ ਕਾਬੂ ਕਰਨ ‘ਤੇ ਵੀ ਕਾਫੀ ਵਿਚਾਰ ਚਰਚਾ ਕੀਤੀ ਗਈ ਹੈ। ਮਾਲੀ ਘਾਟਾ 5.76 ਫੀਸਦੀ ਅਤੇ ਚਲੰਤ ਖਾਤਾ ਘਾਟਾ 4 ਫੀਸਦੀ ਚੱਲ ਰਿਹਾ ਹੈ ਜੋ ਅਰਥਚਾਰੇ ਦੀ ਸਿਹਤ ਲਈ ਠੀਕ ਨਹੀਂ ਹੈ।ਡਾ. ਮਨਮੋਹਨ ਸਿੰਘ ਨੇ ਵਿੱਤ ਮੰਤਰਾਲੇ ਦਾ ਚਾਰਜ ਅਜਿਹੇ ਸਮੇਂ ਸੰਭਾਲਿਆ ਜਦੋਂ ਆਰਥਿਕ ਵਿਕਾਸ ਦਰ ਪਿਛਲੀ ਤਿਮਾਹੀ ਦੌਰਾਨ ਘਟ ਕੇ 5.3 ਫੀਸਦੀ ††’ਤੇ ਆ ਗਈ ਹੈ ਜੋ 9 ਸਾਲਾਂ ਦੌਰਾਨ ਸਭ ਤੋਂ ਘੱਟ ਹੈ। ਪਿਛਲੇ ਇਕ ਸਾਲ ਦੌਰਾਨ ਸ਼ੇਅਰ ਬਾਜ਼ਾਰ ‘ਚੋਂ ਪੂੰਜੀ ਉੱਡਣ, ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ 25 ਫੀਸਦੀ ਗਿਰਾਵਟ ਆਉਣ ਅਤੇ ਮਹਿੰਗਾਈ ਦਰ ਉੱਚੀ ਬਣੇ ਰਹਿਣ ਕਾਰਨ ਸਰਕਾਰ ਦੀ ਨੀਂਦ ਉੜੀ ਪਈ ਹੈ। ਅਜਿਹੀ ਸਥਿਤੀ ‘ਚ ਵਿੱਤ ਮੰਤਰੀ ਦਾ ਵਾਧੂ ਕਾਰਜਭਾਰ ਸੰਭਾਲਦਿਆਂ ਹੀ ਪ੍ਰਧਾਨ ਮੰਤਰੀ ਨੇ ਸਖ਼ਤ ਸੰਕੇਤ ਦਿੱਤੇ ਹਨ ਅਤੇ ਉਨ•ਾਂ ਨੇ 1991 ਦੇ ਆਪਣੇ ਅਧੂਰੇ ਰਹਿ ਗਏ ਏਜੰਡੇ ਨੂੰ ਅੱਗੇ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਕੇ ਬੁੱਧਵਾਰ ਤੋਂ ਹੀ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਵਲੋਂ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਮਿੱਥੀਆਂ ਤਰਜੀਹਾਂ ਸਪੱਸ਼ਟ ਸੰਕੇਤ ਹਨ ਕਿ ਉਹ ਪ੍ਰਣਬ ਵਲੋਂ ਅਪਣਾਈਆਂ ਗਈਆਂ ਨੀਤੀਆਂ ਦੀ ਸਮੀਖਿਆ ਕਰਨਗੇ। ਮਹਿੰਗਾਈ ਤੇ ਆਰਥਿਕ ਮੰਦੀ ਦੂਰ ਕਰਨ ਦਾ ਨਤੀਜਾ ਕਾਂਗਰਸ ਨੂੰ 2014 ਦੀਆਂ ਚੋਣਾਂ ‘ਚ ਦੇਖਣ ਨੂੰ ਮਿਲ ਸਕਦਾ ਹੈ। ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ ਕੁਝ ਸਹੂਲਤ ਦਿੱਤੀ ਜਾ ਸਕਦੀ ਹੈ। ਭ੍ਰਿਸ਼ਟਾਚਾਰ ਦਾ ਖ਼ੂਬ ਬੋਲਬਾਲਾ ਹੈ। ਇਸ ਵਿਰੁੱਧ ਛੇਤੀ ਹੀ ਪ੍ਰਭਾਵਸ਼ਾਲੀ ਕਾਰਵਾਈ ਦੀ ਉਮੀਦ ਨਹੀਂ ਕਰਨੀ ਚਾਹੀਦੀ, ਸਬਸਿਡੀ ਘੱਟ ਕਰਨ ਦੇ ਨਾਲ-ਨਾਲ ਗਰੀਬਾਂ ਦੇ ਨਾਂ ’ਤੇ ਕੀਤੀ ਜਾ ਰਹੀ ਫਜ਼ੂਲਖ਼ਰਚੀ ਨੂੰ ਵੀ ਰੋਕਣਾ ਪਵੇਗਾ ।
-ਬਲਜੀਤ ਸਿੰਘ ਬਰਾੜ
