



ਦੇਸ਼ ਵਿੱਚ ਭੁੱਖਮਰੀ ਅਤੇ ਗਰੀਬੀ ਨੂੰ ਧਿਆਨ ਵਿੱਚ ਰੱਖ ਕੇ ਇਹ ਜ਼ਰੂਰੀ ਹੋ ਗਿਆ ਹੈ ਕਿ ਉਨ੍ਹਾਂ ਲੋਕਾਂ ਨੂੰ ਮੁਫਤ ਜਾਂ ਸਸਤੀਆਂ ਦਰਾਂ ਉੱਤੇ ਅਨਾਜ ਮੁੱਹਈਆ ਕੀਤਾ ਜਾਵੇ, ਜਿਨ੍ਹਾਂ ਕੋਲ ਖਾਣ ਲਈ ਅਨਾਜ ਖਰੀਦਣ ਦੀ ਜਰੂਰਤ ਨਹੀਂ ਹੈ। ਕੇਂਦਰ ਸਰਕਾਰ ਨੇ ਦੇਸ਼ ਦੀ ਦੋ ਤਿਹਾਈ ਅਬਾਦੀ ਨੂੰ ਸਸਤੀਆਂ ਦਰਾਂ ਤੇ ਅਨਾਜ ਮੁੱਹਈਆ ਕਰਵਾਉਣ ਲਈ ਇੱਕ ਖੁਰਾਕ ਸੁਰੱਖਿਆ ਬਿੱਲ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਬਿੱਲ ਦਾ ਖਰੜਾ ਲੱਗਭੱਗ ਤਿਆਰ ਹੋ ਚੁੱਕਾ ਹੈ। ਜੇਕਰ ਪਾਰਲੀਮੈਂਟ ਇਸ ਬਿੱਲ ਨੂੰ ਪ੍ਰਵਾਨਗੀ ਦੇ ਦਿੰਦੀ ਹੈ ਤਾਂ ਖੁਰਾਕ ਸੁਰੱਖਿਆ ਦੇਸ਼ ਵਿੱਚ ਕਾਨੂੰਨੀ ਹੋ ਜਾਵੇਗੀ। ਯੂ.ਪੀ.ਏ. ਦੀ ਚੇਅਰ ਪਰਸਨ ਅਤੇ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਹੇਠਲੀ ਕੌਮੀ ਸਲਾਹਕਾਰ ਕੌਂਸਲਰ ਨੇ ਇਹ ਸੁਝਾਅ ਦਿੱਤਾ ਹੈ ਕਿ ਦੇਸ਼ ਦੀ 75 ਫੀਸਦੀ ਅਬਾਦੀ ਨੂੰ ਖੁਰਾਕ ਸੁਰੱਖਿਆ ਬਿੱਲ ਦੇ ਘੇਰੇ ਵਿੱਚ ਲਿਆਂਦਾ ਜਾਵੇ। ਕੇਂਦਰੀ ਖੁਰਾਕ ਮੰਤਰੀ ਸ੍ਰੀ ਕੇ.ਵੀ.ਥਾਮਸ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਯੋਜਨਾ ਹੈ ਕਿ 65 ਤੋਂ 70 ਫੀਸਦੀ ਅਬਾਦੀ ਨੂੰ ਲਾਭ ਪੁਚਾਉਣ ਲਈ ਯਤਨ ਕੀਤੇ ਜਾਣ। ਰੰਗਰਾਜਨ ਕਮੇਟੀ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਦੇਸ਼ ਦੀ ਵੱਧ ਤੋਂ ਵੱਧ ਅਬਾਦੀ ਨੂੰ ਸਸਤੀਆਂ ਦਰਾਂ ਤੇ ਅਨਾਜ ਮੁਹੱਈਆ ਕਰਵਾਇਆ ਜਾਵੇ। ਕਮੇਟੀ ਦਾ ਕਹਿਣਾ ਹੈ ਕਿ ਸਸਤੀਆਂ ਦਰਾਂ ਤੇ ਅਨਾਜ ਸਿਰਫ ਲੋੜਵੰਦ ਲੋਕਾਂ ਨੂੰ ਹੀ ਮੁੱਹਈਆ ਕਰਵਾਉਣਾ ਚਾਹੀਦਾ ਹੈ। ਉਂਝ ਦੇਖਿਆ ਜਾਵੇ ਤਾਂ ਕੌਮੀ ਸਲਾਹਕਾਰ ਕੌਂਸਲ ਅਤੇ ਰੰਗਰਾਜਨ ਕਮੇਟੀ ਦਰਮਿਆਨ ਵਿਚਾਰਾਂ ਦਾ ਕੋਈ ਵੱਡਾ ਫਰਕ ਨਹੀਂ ਹੈ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਇਸ ਨਾਲ ਕਾਫੀ ਹੱਦ ਤੱਕ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ 6.52 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 35 ਕਿਲੋ ਅਨਾਜ ਸਸਤੀਆਂ ਦਰਾਂ ਤੇ ਮੁੱਹਈਆ ਕਰਵਾ ਰਹੀ ਹੈ। ਜੇਕਰ ਇਸ ਯੋਜਨਾ ਨੂੰ ਹੋਰ ਵਿਸਥਾਰ ਦਿੱਤਾ ਜਾਂਦਾ ਹੈ ਤਾਂ ਦੇਸ਼ ਵਿੱਚ ਗਰੀਬਾਂ ਲਈ ਰੋਟੀ ਦਾ ਪ੍ਰਬੰਧ ਸੌਖਿਆਂ ਹੀ ਹੋ ਸਕਦਾ ਹੈ। ਬੇਸ਼ੱਕ ਫੌਰੀ ਤੌਰ ’ਤੇ ਇਸ ਯੋਜਨਾ ਨਾਲ ਸਰਕਾਰੀ ਖਜਾਨੇ ਉੱਤੇ ਕੁੱਝ ਬੋਝ ਪਵੇਗਾ, ਪ੍ਰੰਤੂ ਇਸ ਨਾਲ ਖੇਤੀ ਖੇਤਰ ਦੀ ਹਾਲਤ ਸੁਧਰਣ ਵਿੱਚ ਵੀ ਮੱਦਦ ਮਿਲ ਸਕਦੀ ਹੈ। ਇਸ ਸਮੇਂ ਭਾਰੀ ਮਾਤਰਾ ਵਿੱਚ ਅਨਾਜ ਹਰ ਸਾਲ ਗੋਦਾਮਾਂ ਵਿੱਚ ਪਿਆ ਸੜ ਜਾਂਦਾ ਹੈ। ਚੰਗਾ ਹੋਵੇਗਾ ਜੇਕਰ ਇਹ ਅਨਾਜ ਘੱਟੋ ਘੱਟ ਦਰਾਂ ਉਤੇ ਲੋੜਵੰਦ ਲੋਕਾਂ ਨੂੰ ਮੁੱਹਈਆ ਕਰਵਾਇਆ ਜਾਵੇ। ਸਰਕਾਰ ਦੀ ਇਸ ਯੋਜਨਾ ਨਾਲ 6 ਕਰੋੜ ਟਨ ਵਾਧੂ ਅਨਾਜ ਦੀ ਜ਼ਰੂਰਤ ਪਵੇਗੀ। ਇਸ ਸਮੇਂ ਸਰਕਾਰ ਕੋਲ ਪੰਜ ਕਰੋੜ ਟਨ ਅਨਾਜ ਸਟੋਰ ਕਰਨ ਦੀ ਸਮਰੱਥਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੂੰ ਵਧੇਰੇ ਅਨਾਜ ਦੀ ਪੈਦਾਵਾਰ ਅਤੇ ਸਾਂਭ-ਸੰਭਾਲ ਵੱਲ ਹੋਰ ਧਿਆਨ ਦੇਣਾ ਹੋਵੇਗਾ। ਲਾਜਮੀ ਤੌਰ ’ਤੇ ਇਸ ਯੋਜਨਾ ਦੀ ਕਾਮਯਾਬੀ ਲਈ ਖੇਤੀ ਖੇਤਰ ਵਿੱਚ ਪੈਦਾਵਾਰ ਦੇ ਆਰੰਭ ਲਈ ਵੀ ਯਤਨ ਆਰੰਭਣੇ ਹੋਣਗੇ। ਦੇਸ਼ ਵਿੱਚ ਗਰੀਬੀ ਭੋਗ ਰਹੀ ਅਬਾਦੀ ਨੂੰ ਉਨ੍ਹਾਂ ਦੇ ਰਹਿਮ ਉੱਤੇ ਨਹੀਂ ਛੱਡਿਆ ਜਾ ਸਕਦਾ। ਸਰਕਾਰ ਅਤੇ ਦੇਸ਼ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਦੇਸ਼ ਦੇ ਹਰ ਨਾਗਰਿਕ ਨੂੰ ਘੱਟੋ ਘੱਟ ਰੋਟੀ ਤਾਂ ਮੁੱਹਈਆ ਕਰਵਾਏ।
-ਬਲਜੀਤ ਸਿੰਘ ਬਰਾੜ
ਭਾਰਤ ਵਿੱਚ ਸਿਹਤ ਸੇਵਾਵਾਂ ਦਾ ਹਾਲ ਕੋਈ ਚੰਗਾ ਨਹੀਂ ਹੈ। ਸਿਹਤ ਸੇਵਾਵਾਂ ਦੇ ਨਾਂਅ ਉੱਤੇ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ। ਲੋਕਾਂ ਨੂੰ ਨਕਲੀ ਅਤੇ ਮਹਿੰਗੀਆਂ ਦਵਾਈਆਂ ਦੇ ਨਾਲ ਵੀ ਲੁੱਟਿਆ ਜਾ ਰਿਹਾ ਹੈ। ਦੂਸਰੇ ਦੇਸ਼ਾਂ ਵਿੱਚ ਸਿਹਤ ਸੇਵਾਵਾਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ, ਪ੍ਰੰਤੂ ਭਾਰਤ ਵਿੱਚ ਸਿਹਤ ਸੇਵਾਵਾਂ ਲੁੱਟ ਦਾ ਵੱਡਾ ਸਾਧਨ ਬਣੀਆਂ ਹੋਈਆਂ ਹਨ। ਦੇਸ਼ ਵਿੱਚ ਕੁਲ 6 ਹਜ਼ਾਰ ਦੇ ਕਰੀਬ ਦਵਾ ਕਾਰਖਾਨੇ ਹਨ। ਇਨਾਂ ਕਾਰਖਾਨਿਆਂ ਵਿੱਚ ਬਣਨ ਵਾਲੀ ਦਵਾਈ ਦੂਸਰੇ ਦੇਸ਼ਾਂ ਵਿੱਚ ਵੀ ਜਾਂਦੀ ਹੈ। ਇੱਕ ਅਨੁਮਾਨ ਮੁਤਾਬਕ ਇੱਕ ਲੱਖ ਕਰੋੜ ਦੀ ਕੁਲ ਉਤਪਾਦਨ ਵਿੱਚੋਂ 50 ਹਜਾਰ ਕਰੋੜ ਦਾ ਉਤਪਾਦਨ ਵਿਦੇਸ਼ਾਂ ਵਿੱਚ ਜਾਂਦਾ। ਦਵਾਈ ਉਦਯੋਗ ਤੋਂ ਉਂਝ ਭਾਰਤ ਸਰਕਾਰ ਨੂੰ ਕੋਈ ਵੱਡਾ ਲਾਭ ਨਹੀਂ ਮਿਲਦਾ, ਕਿਉਂਕਿ ਭਾਰਤ ਦੀਆਂ ਇਹ ਦਵਾਈ ਕੰਪਨੀਆਂ ਦੇ 26 ਫੀਸਦੀ ਹਿੱਸੇ ਉੱਤੇ ਵਿਦੇਸ਼ੀ ਕੰਪਨੀਆਂ ਦਾ ਕਬਜ਼ਾ ਹੈ। ਸਰਕਾਰ ਇਸ ਹਿੱਸੇਦਾਰੀ ਨੂੰ ਹੋਰ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਜੇਕਰ ਦਵਾਈ ਕੰਪਨੀਆਂ ਵਿੱਚ ਵਿਦੇਸ਼ੀ ਕੰਪਨੀਆਂ ਦਾ ਹਿੱਸਾ ਹੋਰ ਵੱਧਦਾ ਹੈ ਤਾਂ ਇਸ ਨਾਲ ਦਵਾਈ ਖੇਤਰ ਵਿੱਚ ਲੁੱਟ ਦਾ ਬਜਾਰ ਹੋਰ ਗਰਮ ਹੋ ਜਾਵੇਗਾ। ਦਵਾਈਆਂ ਦੀਆਂ ਕੀਮਤਾਂ ਉੱਤੇ ਵੀ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਇਸੇ ਤਰਾਂ ਨਕਲੀ ਦਵਾਈਆਂ ਵੀ ਧੜਲੇ ਨਾਲ ਵਿਕ ਰਹੀਆਂ ਹਨ। ਸਰਕਾਰੀ ਤੰਤਰ ਅਜਿਹੀਆਂ ਦਵਾਈਆਂ ਤੇ ਰੋਕ ਲਗਾਉਣ ਵਿੱਚ ਅਸਫਲ ਹੋ ਰਿਹਾ ਹੈ। ਬਾਜ਼ਾਰ ਵਿੱਚ ਤਿੰਨ ਤਰਾਂ ਦੀਆਂ ਐਥੀਕਲ, ਜੈਨੇਰਿਕ ਅਤੇ ਪ੍ਰਚਾਰਕ ਦਵਾਈਆਂ ਵਿਕ ਰਹੀਆਂ ਹਨ। ਐਥੀਕਲ ਦਵਾਈਆਂ ਮਿਆਰੀ ਦਵਾ ਕੰਪਨੀਆਂ ਬਣਾ ਰਹੀਆਂ ਹਨ। ਇਹ ਕੰਪਨੀਆਂ ਹੁਣ ਜੈਨੇਰਿਕ ਦਵਾਈਆਂ ਵੀ ਬਣਾਉਣ ਲੱਗ ਪਈਆਂ ਹਨ। ਐਥੀਕਲ ਅਤੇ ਜੈਨੇਰਿਕ ਉਂਝ ਕੁੱਝ ਕੁ ਮਿਕਦਾਰ ਦੇ ਫਰਕ ਨਾਲ ਬਣਦੀਆਂ ਹਨ ਪਰ ਇਨਾਂ ਦੇ ਮੁੱਲ ਵਿੱਚ ਕਾਫ਼ੀ ਫਰਕ ਦੇਖਣ ਨੂੰ ਮਿਲਦਾ ਹੈ। ਜੈਨੇਰਿਕ ਅਤੇ ਪ੍ਰਚਾਰਕ ਦਵਾਈਆਂ ਨਾਲ ਆਮ ਲੋਕਾਂ ਦੀ ਭਾਰੀ ਲੁੱਟ ਹੋ ਰਹੀ ਹੈ। ਦਵਾਈ ਬਣਾਉਣ ਵਾਲੀਆਂ ਕੰਪਨੀਆਂ ਡਾਕਟਰਾਂ ਨੂੰ ਭਾਰੀ ਲਾਭ ਪਹੁੰਚਾਉਂਦੀਆਂ ਹਨ। ਇਸ ਕਾਰਨ ਡਾਕਟਰ ਇਸ ਗੈਰ-ਕਾਨੂੰਨੀ ਦਵਾ ਉਦਯੋਗ ਨੂੰ ਵਧਾਉਣ ਵਿੱਚ ਖਾਸ ਯੋਗਦਾਨ ਦੇ ਰਹੇ ਹਨ। ਪ੍ਰਚਾਰਕ ਦਵਾਈਆਂ ਬਣਾਉਣ ਵਾਲੇ ਕਾਰਖਾਨੇ ਵੱਡੀ ਗਿਣਤੀ ਵਿੱਚ ਖੁੱਲ•ੇ ਹੋਏ ਹਨ। ਇਨਾਂ ਕਾਰਖਾਨਿਆਂ ਉੱਤੇ ਸਰਕਾਰ ਦੀ ਕੋਈ ਬੰਦਿਸ਼ ਵੀ ਨਹੀਂ ਹੈ। ਅਜਿਹੇ ਕਾਰਖਾਨੇ ਗੈਰ ਕਾਨੂੰਨੀ ਤੌਰ ਤੇ ਲਾ-ਇਲਾਜ ਬਿਮਾਰੀਆਂ ਲਈ ਦਵਾਈਆਂ ਬਣਾ ਰਹੇ ਹਨ। ਇਹ ਦਵਾਈਆਂ 500 ਗੁਣਾਂ ਵੱਧ ਕੀਮਤ ਤੇ ਵੇਚੀਆਂ ਜਾ ਰਹੀਆਂ ਹਨ। ਮੈਡੀਕਲ ਕਿੱਤੇ ਦੇ ਪੱਖ ਤੋਂ ਵੀ ਇਹ ਗੱਲ ਨੈਤਿਕ ਨਹੀਂ ਹਨ। ਡਾਕਟਰਾਂ ਦੀਆਂ ਜੱਥੇਬੰਦੀਆਂ ਵੀ ਇਸ ਗੱਲ ਦੇ ਵਿਰੋਧ ਵਿੱਚ ਅੱਗੇ ਨਹੀਂ ਆ ਰਹੀਆਂ। ਅਜਿਹੇ ਹਾਲਾਤਾਂ ਵਿੱਚ ਆਮ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਦਾ ਬੱਸ ਰੱਬ ਹੀ ਰਾਖਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਵਾਈਆਂ ਦੇ ਉਤਪਾਦਨ ਅਤੇ ਮੰਡੀਕਰਨ ਬਾਰੇ ਨਵੀਂ ਨੀਤੀ ਬਣਾਵੇ, ਤਾਂ ਜੋ ਆਮ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ।
-ਬਲਜੀਤ ਸਿੰਘ ਬਰਾੜ
