



ਚੀਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਲੀ ਕੇ ਕਿਆਂਗ ਆਪਣੀਆਂ ਵਿਦੇਸ਼ ਯਾਤਰਾਵਾਂ ਦਾ ਸਿਲਿਸਲਾ ਸ਼ੁਰੂ ਕਰਨ ਦਾ ਸ਼ੁੱਭ ਆਰੰਭ ਭਾਰਤ ਤੋਂ ਕਰ ਰਹੇ ਹਨ। ਪ੍ਰਧਾਨ ਮੰਤਰੀ ਬਣਨ ਉਪਰੰਤ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਗਵਾਂਢੀ ਦੇਸ਼ ਭਾਰਤ ਆਉਣ ਨੂੰ ਪਹਿਲ ਦਿੱਤੀ ਹੈ। ਭਾਰਤ ਨੇ ਵੀ ਚੀਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਆਮਦ ਦੌਰਾਨ ਉਸ ਨੂੰ ਅੱਖਾਂ ਤੇ ਬਿਠਾਉਂਦਿਆਂ ਤਲੀਆਂ ਉੱਤੇ ਚੋਗ ਚੁਗਾਉਣ ਦੇ ਪ੍ਰਬੰਧ ਕੀਤੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਬੁਰੇ ਰਿਸ਼ਤੇਦਾਰ ਨੂੰ ਜਰਨਾ ਸੌਖਾ ਹੈ, ਪ੍ਰੰਤੂ ਬੁਰਾ ਗਵਾਂਢੀ ਜਰਨਾ ਬਹੁਤ ਔਖਾ ਹੈ। ਹਰ ਵੇਲੇ ਗਵਾਂਢੀ ਨਾਲ ਸਭ ਤੋਂ ਪਹਿਲਾਂ ਸਾਹਮਣਾ ਹੁੰਦਾ ਹੈ। ਭਾਰਤ ਦੇ ਪ੍ਰਮੁੱਖ ਗਵਾਂਢੀ ਦੇਸ਼ ਪਾਕਿਸਤਾਨ ਅਤੇ ਚੀਨ ਨਾਲ ਕੁੱਝ ਅਜਿਹੇ ਹੀ ਸਬੰਧ ਹਨ, ਜੋ ਸਮੇਂ-ਸਮੇਂ ਚੰਗੇ ਅਤੇ ਮੰਦੇ ਰੂਪ ਵਿੱਚ ਰੰਗ ਬਦਲਦੇ ਰਹਿੰਦੇ ਹਨ। ਅੜਬ ਗਵਾਂਢੀਆਂ ਵਾਂਗ ਭਾਰਤ ਨਾਲ ਇਹ ਦੋਵੇਂ ਦੇਸ਼ ਸਮੇਂ-ਸਮੇਂ ਲੜਾਈਆਂ ਦੇ ਆਢੇ ਲਾ ਚੁੱਕੇ ਹਨ। ਹੁਣ ਵੀ ਸਮੇਂ-ਸਮੇਂ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਹਨ ਅਤੇ ਸਰਹੱਦੀ ਮਾਮਲਿਆਂ ਨੂੰ ਲੈ ਕੇ ਲੜਾਈਆਂ ਕਰਨ ਵਾਲਾ ਇੱਟ ਖੜੱਕਾ ਕਰਕੇ ਅੰਤਰ-ਰਾਸ਼ਟਰੀ ਪੱਧਰ ’ਤੇ ਤਣਾਅ ਵਾਲਾ ਮਾਹੌਲ ਪੈਦਾ ਕਰਦੇ ਰਹਿੰਦੇ ਹਨ। ਇਸ ਸਭ ਕੁੱਝ ਦੇ ਬਾਵਜੂਦ ਜਦੋਂ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਜ਼ਿੰਮੇਵਾਰ ਸੀਨੀਅਰ ਨੇਤਾ ਅਤੇ ਸਰਕਾਰੀ ਪੱਧਰ ਦੇ ਪ੍ਰਮੁੱਖ ਅਹੁਦੇਦਾਰ ਸਰਹੱਦਾਂ ਦੇ ਆਰ-ਪਾਰ ਜਾ ਕੇ ਆਪਸ ਵਿੱਚ ਨਿੱਘੀਆਂ ਗਲਵਕੜੀਆਂ ਪਾ ਕੇ ਮਿਲਦੇ ਹਨ, ਤਾਂ ਆਮ ਲੋਕ ਹੈਰਾਨ ਹੁੰਦੇ ਹਨ ਤੇ ਆਪਣੇ ਆਪ ਨੂੰ ਲੁੱਟੇ-ਲੁੱਟੇ ਮਹਿਸੂਸ ਕਰਦੇ ਹਨ। ਲੋਕਾਂ ਦਾ ਦੁਖਾਂਤ ਇਹ ਹੁੰਦਾ ਹੈ ਕਿ ਜਿਨ੍ਹਾਂ ਆਪਣੇ ਸਿਆਸੀ ਲੀਡਰਾਂ ਦੇ ਨਾਅਰਿਆਂ ਦੀ ਚੁੱਕ ਵਿੱਚ ਆ ਕੇ ਉਹ ਗਵਾਂਢੀ ਦੇਸ਼ਾਂ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾ ਲਗਾ ਆਪਣੇ ਗਲੇ ਬਿਠਾ ਲੈਂਦੇ ਹਨ, ਉਹ ਲੀਡਰ ਆਪਸ ਵਿੱਚ ਕਿੰਨੇ ਘਿਓ ਖਿਚੜੀ ਹੋ ਕੇ ਮਿਲਦੇ ਹਨ। ਅਸੀਂ ਭਾਰਤ ਦੇ ਪਾਕਿਸਤਾਨ ਜਾਂ ਚੀਨ ਨਾਲ ਸਬੰਧ ਮਿਲਵਰਤਣ ਭਰਪੂਰ ਬਣਾਈ ਰੱਖਣ ਦੇ ਹਮੇਸ਼ਾਂ ਹੀ ਸਮਰੱਥਕ ਰਹੇ ਹਾਂ। ਇੰਨਾ ਹੀ ਨਹੀਂ ਅਸੀਂ ਤਾਂ ਇਹ ਵੀ ਚਾਹੁੰਦੇ ਹਾਂ ਕਿ ਸਮੁੱਚੇ ਦੱਖਣੀ ਏਸ਼ੀਆਈ ਦੇਸ਼ਾਂ ਦੀ ਅਜਿਹੀ ਯੂਰਪੀ ਦੇਸ਼ਾਂ ਵਰਗੀ ਕਨਫੈਡਰੇਸ਼ਨ ਬਣੇ ਜਿਸ ਦੇ ਤਹਿਤ ਇਨ੍ਹਾਂ ਸਾਰੇ ਦੇਸ਼ਾਂ ਦੀ ਕਰੰਸੀ, ਵਪਾਰਕ, ਸਨਅਤੀ, ਖੇਤੀਬਾੜੀ, ਵਿੱਦਿਅਕ, ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਇੱਕ ਸੰਗਠਿਤ ਸਾਂਝੀ ਸ਼ਕਤੀ ਕਾਇਮ ਹੋਵੇ। ਅਜਿਹਾ ਹੋਣ ਦੇ ਨਾਲ-ਨਾਲ ਯੂਰਪੀ ਦੇਸ਼ਾਂ ਵਾਂਗ ਇਨ੍ਹਾਂ ਸਮੂਹ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਆਉਣ ਜਾਣ ਲਈ ਵੀਜ਼ੇ ਦੀ ਸ਼ਰਤ ਖਤਮ ਹੋਵੇ ਅਤੇ ਸਾਰੇ ਦੇਸ਼ਾਂ ਦੀਆਂ ਸਰਹੱਦਾਂ ਕਾਰੋਬਾਰੀ ਕਾਰਜਾਂ ਲਈ ਖੋਲ੍ਹ ਦਿੱਤੀਆਂ ਜਾਣ। ਜੇਕਰ ਅਜਿਹਾ ਮਾਹੌਲ ਬਣੇਗਾ ਤਾਂ ਸਰਹੱਦਾਂ ਦੀ ਆੜ ਵਿੱਚ ਵੱਧ ਰਹੇ ਤਣਾਅ, ਨਸ਼ਿਆਂ ਅਤੇ ਇੱਕ ਦੂਸਰੇ ਦੇਸ਼ ਵਿੱਚ ਮਹਿੰਗੀਆਂ ਸਸਤੀਆਂ ਹੋਣ ਦਾ ਫਰਕ ਰੱਖਦੀਆਂ ਵਸਤਾਂ ਦੀ ਸਮਗਲਿੰਗ ਅਤੇ ਚੋਰ ਬਜ਼ਾਰੀ ਨੂੰ ਰੋਕਣ ਵਿੱਚ ਵੱਡੇ ਪੱਧਰ ’ਤੇ ਮੱਦਦ ਮਿਲੇਗੀ। ਭਾਰਤ ਵੱਲੋਂ ਵਿਸ਼ੇਸ਼ ਮਹਿਮਾਨ ਬਣ ਕੇ ਆਏ ਚੀਨ ਦੇ ਪ੍ਰਧਾਨ ਮੰਤਰੀ ਨਾਲ ਇਸ ਮਾਮਲੇ ’ਤੇ ਗੱਲਬਾਤ ਤੋਰਦਿਆਂ ਵੱਡੀ ਪਹਿਲਕਦਮੀ ਕਰਨੀ ਚਾਹੀਦੀ ਹੈ। ਭਾਰਤ ਅਤੇ ਚੀਨ ਦੱਖਣੀ ਏਸ਼ੀਆਈ ਖਿੱਤੇ ਦੇ ਸਭ ਤੋਂ ਵੱਡੇ ਰਾਸ਼ਟਰ ਹਨ। ਇਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਪਹਿਲਕਦਮੀ ਇਸ ਖਿੱਤੇ ਦੇ ਹੋਰ ਛੋਟੇ ਦੇਸ਼ਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਵੱਡੇ ਪੱਧਰ ’ਤੇ ਸਹਾਈ ਹੋਵੇਗੀ। ਯੂਰਪੀ ਸਨਅਤੀ ਅਤੇ ਕਾਰੋਬਾਰੀ ਇਨਕਲਾਬ ਦਾ ਵਾਤਾਵਰਣ ਦੱਖਣੀ ਏਸ਼ੀਆ ਵਿੱਚ ਚੀਨ ਦੀ ਮੱਦਦ ਤੋਂ ਬਿਨਾਂ ਨਹਂੀਂ ਬਣਾਇਆ ਜਾ ਸਕਦਾ। ਮੌਜੂਦਾ ਸਮੇਂ ਚੀਨ ਦੀਆਂ ਬਣੀਆਂ ਹਰ ਤਰ੍ਹਾਂ ਦੀਆਂ ਵਸਤਾਂ ਨੇ ਭਾਰਤ ਸਮੇਤ ਵਿਸ਼ਵ ਦੇ ਅਨੇਕਾਂ ਦੇਸ਼ਾਂ ਵਿੱਚ ਤਹਿਲਕਾ ਮਚਾਇਆ ਹੋਇਆ ਹੈ। ਮਹਿੰਗਾਈ ਦੇ ਮੁਕਾਬਲੇ ਲਈ ਚੀਨ ਦੇ ਇਹ ਉਤਪਾਦਨ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਭਾਰਤ ਨੂੰ ਇਸ ਮਾਮਲੇ ਵਿੱਚ ਚੀਨ ਤੋਂ ਸਬਕ ਸਿਖਣਾ ਚਾਹੀਦਾ ਹੈ। ਦੁਨੀਆਂ ਦੀ ਸਭ ਤੋਂ ਵੱਧ ਅਬਾਦੀ ਵਾਲੇ ਚੀਨ ਨੇ ਆਪਣੇ ਦੇਸ਼ ਵਾਸੀਆਂ ਨੂੰ ਖੁਸ਼ਹਾਲੀ ਦੇ ਰਾਹ ਤੋਰਨ ਲਈ ਕੀ ਕਦਮ ਉਠਾਏ ਹਨ, ਇਸ ਬਾਰੇ ਵੀ ਭਾਰਤ ਨੂੰ ਚੀਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਅਸੀਂ ਇਹ ਵੀ ਸਮਝਦੇ ਹਾਂ ਕਿ ਭਾਰਤ ਅਤੇ ਚੀਨ ਵਿਚਾਲੇ ਅੱਜ ਭਲਕੇ ਹੋਣ ਵਾਲੀਆਂ ਪ੍ਰਧਾਨ ਮੰਤਰੀ ਪੱਧਰ, ਰਾਸ਼ਟਰਪਤੀ ਪੱਧਰ ਅਤੇ ਕਾਰੋਬਾਰੀ ਵਫਦ ਦੇ ਪੱਧਰ ਦੀਆਂ ਮੀਟਿੰਗਾਂ ਵਿੱਚ ਇਹ ਉਪਰੋਕਤ ਮਸਲੇ ਚਰਚਾ ਦਾ ਮੁੱਖ ਵਿਸ਼ਾ ਨਹੀਂ ਹੋਣਗੇ। ਚਰਚਾ ਦਾ ਵਿਸ਼ਾ ਸਰਹੱਦੀ ਤਣਾਅ, ਦਰਿਆਈ ਪਾਣੀਆਂ ਦੇ ਝਗੜੇ, ਵੱਡੀ ਪੱਧਰ ਦੇ ਹੋਰ ਤਕਨੀਕੀ, ਕਾਰੋਬਾਰੀ ਸਮਝੌਤੇ ਕਰਨ ਅਤੇ ਦੋਵਾਂ ਸਰਕਾਰਾਂ ਵਿਚਾਲੇ ਵਿਸ਼ਵਾਸ ਬਹਾਲੀ ਪ੍ਰਮੁੱਖ ਮੁੱਦੇ ਹੋਣਗੇ। ਹੁਣੇ-ਹੁਣੇ ਹੀ ਭਾਰਤ ਦੇ ਵਿਦੇਸ਼ ਮੰਤਰੀ ਚੀਨ ਦਾ ਦੌਰਾ ਕਰਕੇ ਆਏ ਹਨ। ਉਨ੍ਹਾਂ ਵੱਲੋਂ ਆਪਣੇ ਇਸ ਦੌਰੇ ਦੌਰਾਨ ਕੀਤੀਆਂ ਪਹਿਲਕਦਮੀਆਂ ਵੀ ਚੀਨੀ ਪ੍ਰਧਾਨ ਮੰਤਰੀ ਦੀ ਭਾਰਤ ਆਮਦਨ ਦੌਰਾਨ ਸਮਝੌਤਿਆਂ ਦਾ ਰੂਪ ਧਾਰਨ ਕਰਨਗੀਆਂ। ਜੋ ਵੀ ਹੋਵੇ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਮਜ਼ਬੂਤ ਕਰਨ ਲਈ ਚੀਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਸਬੰਧਾਂ ਨੂੰ ਨਿੱਘੇ ਪਿਆਰ ਭਰੇ ਬਣਾਉਣ ਦੇ ਮਾਮਲੇ ਵਿੱਚ ਇਤਿਹਾਸਕ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਕੁੱਝ ਨਵਾਂ ਦੇ ਕੇ ਅਤੇ ਲੈ ਕੇ ਜਾਣ ਵਾਲੀ ਹੋਣੀ ਚਾਹੀਦੀ ਹੈ। ਇਸੇ ਵਿੱਚ ਦੋਵਾਂ ਦੇਸ਼ਾਂ ਦੀ ਭਲਾਈ ਦੇ ਭੇਦ ਛੁਪੇ ਹੋਏ ਹਨ।
ਅੱਜ ਦੀਆਂ ਅਖਬਾਰਾਂ ਵਿੱਚ ਦੋ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਹਨ। ਦੋਵੇਂ ਖਬਰਾਂ ਸਮਾਜ ਵਿੱਚ ਆਏ ਭਿਆਨਕ ਕਿਸਮ ਦੇ ਨਿਘਾਰ ਵੱਲ ਇਸ਼ਾਰਾ ਕਰਦੀਆਂ ਹਨ। ਦੋਵੇਂ ਖਬਰਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਜਿਸ ਮੁਸੀਬਤ ਦੇ ਸ਼ਿਕਾਰ ਜੋ ਵਿਅਕਤੀ ਹੋਏ ਹਨ, ਉਹ ਸਧਾਰਨ ਵਿਅਕਤੀ ਨਹੀਂ ਹਨ। ਦੋਵੇਂ ਪੀੜਤ ਕਾਨੂੰਨ ਅਤੇ ਸੰਵਿਧਾਨ ਦੀਆਂ ਸ਼ਕਤੀਆਂ ਉ¤ਪਰ ਪਹਿਰਾ ਦੇਣ ਵਾਲੇ ਹਨ। ਪਹਿਲੀ ਖਬਰ ਚੰਡੀਗੜ੍ਹ ਤੋਂ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਨੇ ਉਸੇ ਹਾਈਕੋਰਟ ਵਿੱਚ ਜਾ ਕੇ ਖੁੱਦ ਲਈ ਇਨਸਾਫ਼ ਮੰਗਿਆ ਹੈ, ਜਿੱਥੇ ਕਦੇ ਉਹ ਖੁੱਦ ਬੈਠ ਕੇ ਲੋਕਾਂ ਦੇ ਮਾਮਲੇ ਸੁਣਦਿਆਂ ਫੈਸਲੇ ਅਤੇ ਇਨਸਾਫ਼ ਕਰਿਆ ਕਰਦੇ ਸਨ। ਹਾਈਕੋਰਟ ਦੇ ਇਹ ਸਾਬਕਾ ਮੁੱਖ ਜੱਜ ਜਸਟਿਸ ਸ਼ਾਂਤੀ ਸਰੂਪ ਦੇਵਨ ਹਨ, ਜਿਨ੍ਹਾਂ ਨੇ ਆਪਣੀ ਪਤਨੀ ਰੋਮਿਲਾ ਦੇਵਨ ਦੇ ਨਾਲ ਹਾਈਕੋਰਟ ਅੱਗੇ ਫਰਿਆਦੀ ਹੋ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਵੱਲੋਂ ਦਿੱਤੇ ਜਾ ਰਹੇ ਤਸੀਹਿਆਂ ਤੋਂ ਬਚਾਇਆ ਜਾਵੇ। ਸਾਬਕਾ ਮੁੱਖ ਜੱਜ ਨੇ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਰਾਹੀਂ ਕਿਹਾ ਸੀ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦੀ ਚੰਡੀਗੜ੍ਹ ਦੇ ਸੈਕਟਰ -11 ਵਿੱਚ ਸਥਿਤ ਕੋਠੀ ਉ¤ਪਰ ਕਬਜ਼ਾ ਕਰਨ ਲਈ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਹੋਇਆ ਹੈ। ਸਾਬਕਾ ਮੁੱਖ ਜੱਜ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੋਵਾਂ ਪਤੀ-ਪਤਨੀ ਨੂੰ ਆਪਣੇ ਪੁੱਤਰ ਤੋਂ ਜਾਨ ਦਾ ਖਤਰਾ ਹੈ। ਉਨ੍ਹਾਂ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨੂੰ ਘਰ ਵਿੱਚੋਂ ਕੱਢੇ ਜਾਣ ਦੇ ਹੁਕਮ ਦਿੱਤੇ ਜਾਣ। ਉਨ੍ਹਾਂ ਨਾਲ ਹੀ ਇਹ ਵੀ ਮੰਗ ਕੀਤੀ ਕਿ ਆਪਣੇ ਬੱਚਿਆਂ ਤੋਂ ਪ੍ਰੇਸ਼ਾਨ ਮਾਪਿਆਂ ਅਤੇ ਸੀਨੀਅਰ ਨਾਗਰਿਕਾਂ (ਬਜ਼ੁਰਗਾਂ) ਦੇ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਵੱਖਰਾ ਸੈ¤ਲ ਬਣਾਇਆ ਜਾਵੇ। ਸਾਬਕਾ ਜੱਜ ਨੇ ਹਾਈਕੋਰਟ ਨੂੰ ਆਪਣੀ ਹੱਡ ਬੀਤੀ ਦੱਸਦਿਆਂ ਕਿਹਾ ਕਿ ਉਸ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਚੰਡੀਗੜ੍ਹ ਦੇ ਸੈਕਟਰ -11 ਵਿੱਚ ਕੋਠੀ ਖਰੀਦੀ। ਇਸ ਤੋਂ ਇਲਾਵਾ ਆਪਣੇ ਬੇਟੇ ਨੂੰ ਪੰਚਕੂਲਾ ਵਿੱਚ ਕਿ ਪਲਾਟ ਲੈ ਕੇ ਦਿੱਤਾ ਸੀ। ਸਾਬਕਾ ਜੱਜ ਅਨੁਸਾਰ ਉਨ੍ਹਾਂ ਦਾ ਬੇਟਾ ਪਹਿਲਾਂ ਉਨ੍ਹਾਂ ਤੋਂ ਵੱਖ ਰਹਿੰਦਾ ਸੀ। ਆਪਣਾ ਵੱਖਰਾ ਮਕਾਨ ਹੋਣ ਦੇ ਬਾਵਜੂਦ ਉਹ ਆਪਣੇ ਜੱਜ ਪਿਤਾ ਦੀ ਕੋਠੀ ਉ¤ਪਰ ਕਬਜ਼ੇ ਦੇ ਲਾਲਚ ਵਿੱਚ ਆਪਣੇ ਪਿਤਾ ਕੋਲ ਆ ਕੇ ਰਹਿਣ ਲੱਗ ਪਿਆ। ਇਸ ਦੌਰਾਨ ਉਹ ਆਪਣੇ ਮਾਤਾ-ਪਿਤਾ ਨੂੰ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੀਆਂ ਕਪੁੱਤਰੀ ਚਾਲਾਂ ’ਤੇ ਉ¤ਤਰ ਆਇਆ ਹੈ। ਸਾਬਕਾ ਜੱਜ ਨੇ ਆਪਣੇ ਪੁੱਤਰ ਦੀਆਂ ਅਜਿਹੀਆਂ ਕਰਤੂਤਾਂ ਤੋਂ ਡਰਦਿਆਂ ਉਸ ਨੂੰ ਘਰੋਂ ਕੱਢਣ ਤੱਕ ਦੀ ਮੰਗ ਕੀਤੀ ਹੈ। ਦੂਸਰੀ ਘਟਨਾ ਮੱਧ ਪ੍ਰਦੇਸ਼ ਦੀ ਹੈ। ਇਥੋਂ ਦੀ ਜ਼ਿਲ੍ਹਾ ਅਦਾਲਤ ਵਿੱਚ ਜੂਡੀਸ਼ੀਅਲ ਮੈਜਿਸਟਰੇਟ ਦੇ ਅਹੁਦੇ ’ਤੇ ਤਾਇਨਾਤ ਇਕ ਸਰਿਤਾ ਜਤਾਰਿਆ ਨਾਂ ਦੀ ਔਰਤ ਜੱਜ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਪਤੀ ਉਸ ਨੂੰ ਦਾਜ ਦੇ ਲਾਲਚ ਵਿੱਚ ਤੰਗ-ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਬੇਰਹਿਮੀ ਨਾਲ ਕੁੱਟ-ਮਾਰ ਵੀ ਕਰਦਾ ਹੈ। ਪੁਲਿਸ ਕੋਲ ਲਿਖਾਈ ਰਿਪੋਰਟ ਵਿੱਚ ਇਸ ਮਹਿਲਾ ਜੱਜ ਨੇ ਕਿਹਾ ਹੈ ਕਿ ਅੱਜ ਉਸ ਦੇ ਪਤੀ ਨੇ ਉਸ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੇ ਨਾਲ-ਨਾਲ ਉਸ ਦੀ ਕਾਰ ਵੀ ਬੁਰੀ ਤਰ੍ਹਾਂ ਭੰਨ ਦਿੱਤੀ। ਪੁਲਿਸ ਨੇ ਰਿਪੋਰਟ ਦਰਜ ਕਰਦਿਆਂ ਔਰਤ ਜੱਜ ਦਾ ਮੈਡੀਕਲ ਚੈ¤ਕ-ਅੱਪ ਕਰਨ ਤੋਂ ਬਾਅਦ ਉਸ ਦੇ ਪਤੀ ਖਿਲਾਫ ਕੇਸ ਦਰਜ ਕਰ ਲਿਆ। ਖਬਰ ਅਨੁਸਾਰ ਆਪਣੀ ਜੱਜ ਪਤਨੀ ਦੀ ਕੁੱਟ-ਮਾਰ ਕਰਕੇ ਪਤੀ ਫਰਾਰ ਹੋ ਗਿਆ ਹੈ। ਪੁਲਿਸ ਉਸ ਦੀ ਤਲਾਸ਼ ਵਿੱਚ ਜੁੱਟ ਗਈ ਹੈ। ਉਪਰੋਕਤ ਵੇਰਵੇ ਦੇਣ ਤੋਂ ਭਾਵ ਇਹ ਹੈ ਕਿ ਜੇ ਉ¤ਚ ਅਦਾਲਤਾਂ ਵਿੱਚ ਜੱਜਾਂ ਦੀਆਂ ਕੁਰਸੀਆਂ ’ਤੇ ਬੈਠ ਕੇ ਜਨਤਾ ਨੂੰ ਇਨਸਾਫ਼ ਦੇਣ ਵਾਲੇ ਵੀ.ਵੀ.ਆਈ.ਪੀ.(ਬਹੁਤ ਵਧੇਰੇ ਮਹੱਤਵਪੂਰਨ ਵਿਅਕਤੀ) ਨੂੰ ਸਮਾਜਿਕ ਸੁਰੱਖਿਆ ਅਤੇ ਇਨਸਾਫ਼ ਹਾਸਲ ਨਹੀਂ ਤਾਂ ਆਮ ਆਦਮੀ ਦੀ ਕੀ ਹਾਲਤ ਹੋ ਸਕਦੀ ਹੈ? ਇਹ ਦੋਵੇਂ ਮਾਮਲੇ ਉਸ ਸਮੱਸਿਆ ਦਾ ਹਿੱਸਾ ਹਨ, ਜਿਸ ਤਹਿਤ ਮੋਹ-ਮਾਇਆ ਵਿੱਚ ਡੁੱਬੇ ਵਿਅਕਤੀ ਦੁਨੀਆਂ ਭਰ ਦੀ ਦੌਲਤ ਇਕੱਠੀ ਕਰਕੇ ਵੀ ਆਪਣੇ ਆਪ ਨੂੰ ਆਤਮਿਕ ਤੌਰ ’ਤੇ ਰੱਜੇ ਹੋਏ ਮਹਿਸੂਸ ਨਹੀਂ ਕਰ ਸਕਦੇ। ਹਾਈਕੋਰਟ ਦੇ ਸਾਬਕਾ ਮੁੱਖ ਜੱਜ ਦੇ ਪੁੱਤਰ ਅਤੇ ਮਹਿਲਾ ਜੱਜ ਦੇ ਪਤੀ ਅਜਿਹੀ ਹੀ ਬਿਮਾਰ ਮਾਨਸਿਕਤਾ ਦੇ ਸ਼ਿਕਾਰ ਹਨ। ਦੋਵੇਂ ਪਰਿਵਾਰ ਸਧਾਰਨ ਸੰਸਕਾਰਾਂ ਵਾਲੇ ਨਹੀਂ ਹਨ। ਪਰ ਇਨ੍ਹਾਂ ਦੇ ਘਰਾਂ ਵਿੱਚ ਵਰਤ ਰਿਹਾ ਵਰਤਾਰਾ ਹੇਠਲੀ ਸ਼੍ਰੇਣੀ ਦੇ ਘਰਾਂ ਵਰਗਾ ਹੈ। ਬਹੁਤ ਜ਼ਿਆਦਾ ਪੜ੍ਹੇ-ਲਿਖੇ ਪਰਿਵਾਰਾਂ ਤੋਂ ਹੇਠਲੇ ਵਰਗਾਂ ਦੇ ਸਧਾਰਨ ਲੋਕਾਂ ਨੇ ਅਤੇ ਉਨ੍ਹਾਂ ਦੇ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਸਿੱਖਿਆਵਾਂ ਲੈਣੀਆਂ ਹੁੰਦੀਆਂ ਹਨ। ਉ¤ਚ ਕੁਰਸੀਆਂ ਤੱਕ ਪੁੱਜੇ ਲੋਕ ਸਧਾਰਨ ਘਰਾਂ ਦੇ ਵਿਦਿਆਰਥੀਆਂ ਲਈ ਰੋਲ-ਮਾਡਲ ਹੁੰਦੇ ਹਨ। ਜੇਕਰ ਇਨ੍ਹਾਂ ਉ¤ਚ ਘਰਾਂ ਵਿੱਚ ਨੈਤਿਕਤਾ ਤੋਂ ਡਿੱਗੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਇਹ ਸਮਾਜ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਗਰੀਬ ਜਾਂ ਅਮੀਰ ਘਰਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰਨੀਆਂ ਆਮ ਹੋ ਗਈਆਂ ਹਨ। ਅਸੀਂ ਪਹਿਲਾਂ ਵੀ ਲਿਖਦੇ ਰਹੇ ਹਾਂ ਕਿ ਸਮਾਜ ਵਿੱਚ ਧਨ-ਦੌਲਤ ਦੀ ਵੱਧ ਰਹੀ ਭੁੱਖ ਨੂੰ ਪੂਰਿਆਂ ਕਰਨ ਲਈ ਅਜਿਹੀਆਂ ਵੱਧ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਇਕੋ-ਇਕ ਤਰੀਕਾ ਯੂਰਪੀ ਦੇਸ਼ਾਂ ਵਾਂਗ ਭਾਰਤ ਵਿੱਚ ਮਜ਼ਬੂਤ ਸਮਾਜਿਕ ਸੁਰੱਖਿਆ ਹਰ ਗਰੀਬ-ਅਮੀਰ ਲਈ ਮੁਹੱਈਆ ਕਰਾਉਣਾ ਸਮੇਂ ਦੀ ਪ੍ਰਮੁੱਖ ਲੋੜ ਹੈ। ਆਪਣੇ ਸੁਰੱਖਿਅਤ ਭਵਿੱਖ ਅਤੇ ਆਰਾਮਦਾਇਕ ਬੁਢੇਪੇ ਦੀ ਜ਼ਿੰਦਗੀ ਜਿਊਣ ਲਈ ਮਨੁੱਖ ਵਾਹ ਲੱਗਦੀ ਹਰ ਤਰੀਕਾ ਵਰਤ ਕੇ ਪੈਸੇ ਇਕੱਠੇ ਕਰ ਲੈਣਾ ਚਾਹੁੰਦਾ ਹੈ। ਇਸ ਲਈ ਮਾਂ-ਬਾਪ ਦੇ ਗਲ ਅਗੂੰਠਾ ਦੇਣਾ ਅਤੇ ਹੋਰ ਰਿਸ਼ਤਿਆਂ ਨੂੰ ਪੈਰਾਂ ਹੇਠ ਦਰੜਨਾ ਆਮ ਗੱਲ ਹੋ ਗਈ ਹੈ। ਸਭ ਲਈ ਸਮਾਜਿਕ ਸੁਰੱਖਿਆ ਦੀ ਗਾਰੰਟੀ ਅਤੇ ਧਨ-ਦੌਲਤ ਇਕੱਠੀ ਕਰਨ ਦੇ ਅਨੈਤਿਕ ਅਤੇ ਗੈਰ-ਕਾਨੂੰਨੀ ਕੰਮਾਂ ਖਿਲਾਫ ਸਖਤ ਸਜ਼ਾਵਾਂ ਹੋਣਗੀਆਂ ਤਾਂ ਅਜਿਹੇ ਵਰਤਾਰੇ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
