


ਸਾਡਾ ਸਮਾਜ ਭਾਵੇਂ ਧੀਆਂ ਨੂੰ ਪੁੱਤਰਾਂ ਬਰਾਬਰ ਨਾ ਸਮਝ ਕੇ ਜਨਮ ਤੋਂ ਪਹਿਲਾਂ ਹੀ ਮਾਂ ਦੀ ਕੁੱਖ ਵਿੱਚ ਖਤਮ ਕਰ ਰਿਹਾ ਹੈ, ਪਰ ਸੱਚ ਤਾਂ ਇਹ ਹੈ ਕਿ ਧੀਆਂ ਅੱਜ ਵੀ ਮਾਪਿਆਂ ਦੇ ਕੰਡਾ ਵੱਜਿਆ ਨਹੀਂ ਸਹਿੰਦੀਆਂ। ਧੀਆਂ ਵੀ ਧਿਰਾਂ ਨੇ ਜਹਾਨ ਤੇ। ਧੀਆਂ ਵੀ ਚੰਗਾ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਦੀਆਂ ਹਨ। ਇੱਕ ਐਸੀ ਹੀ ਲੜਕੀ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਣ ਜਾ ਰਿਹਾ ਹਾਂ, ਜਿਸ ਦੇ ਬਾਪ ਅਤੇ ਦਾਦੀ ਨੇ ਪੁੱਤਰ ਦੀ ਲਾਲਸਾ ਵਿੱਚ ਉਸ ਧੀ ਨੂੰ ਜਨਮ ਲੈਣ ਤੋਂ ਬਾਅਦ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕਹਿੰਦੇ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਮਹਾਂਬਲੀ ਹੁੰਦਾ ਹੈ। ਜਦ ਇੱਕ ਪਰਿਵਾਰ ਵਿੱਚ ਬੱਚੀ ਨੇ ਜਨਮ ਲਿਆ ਤਾਂ ਮਾਂ ਹਸਪਤਾਲ ਦੇ ਬੈੱਡ ਤੇ ਜ਼ਿੰਦਗੀ ਮੌਤ ਵਿਚਾਲੇ ਜੂਝ ਰਹੀ ਸੀ। ਮਾਂ ਜਦ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਦਾ ਦੂਜਾ ਜਨਮ ਹੁੰਦਾ ਹੈ। ਪੋਹ ਦਾ ਮਹੀਨਾ ਹੋਣ ਕਰਕੇ ਸਰਦੀ ਲੋਹੜੇ ਦੀ ਪੈ ਰਹੀ ਸੀ। ਹਸਪਤਾਲ ਵਿੱਚ ਨਵਜਨਮੀ ਬੱਚੀ ਦੀ ਨਾਨੀ ਆਪਣੀ ਧੀ ਦੀ ਦੇਖਭਾਲ ਕਰ ਰਹੀ ਸੀ। ਇਸ ਬੱਚੀ ਤੋਂ ਪਹਿਲਾਂ ਦੋ ਬੱਚੀਆਂ ਪਹਿਲਾਂ ਵੀ ਸੀ ਪਰਿਵਾਰ ਵਿੱਚ। ਬੱਚੀ ਨੂੰ ਉਸ ਦਾ ਬਾਪ ਅਤੇ ਦਾਦੀ ਮਾਰਨ ਦੀਆਂ ਨਵੀਆਂ-ਨਵੀਆਂ ਸਕੀਮਾਂ ਸੋਚ ਰਹੇ ਸਨ। ਕਿਤੇ ਬੱਚੀ ਦਾ ਗਲਾ ਘੁਟ ਕੇ ਮਾਰਨਾ ਕਿਤੇ ਕੋਈ ਜ਼ਹਿਰੀਲੀ ਵਸਤੂ ਦੇ ਕੇ ਮਾਰਨਾ। ਅਖੀਰ ਦਾਦੀ ਨੇ ਸਕੀਮ ਬਣਾਈ ਕਿ ਪੁੱਤਰਾ ਇਸ ਮਨਹੂਸ ਨੂੰ ਗਲ ਘੁੱਟਣ ਜਾਂ ਜ਼ਹਿਰੀਲੀ ਵਸਤੂ ਦੇਣ ਨਾਲੋਂ ਪੋਹ ਦੀ ਠੰਢ ਵਿੱਚ ਮਾਰਨ ਦੀ ਨਵੀਂ ਸਕੀਮ ਘੜ ਲਈ। ਉਸ ਬੱਚੀ ਦੀ ਦਾਦੀ ਨੇ ਆਪਣੇ ਪੁੱਤਰ ਨਾਲ ਹਸਪਤਾਲ ਦੇ ਬਰਾਂਡੇ ਵਿੱਚ ਸਕੀਮ ਬਣਾਈ ਕਿ ਕਿਉਂ ਨਾ ਮਾਂ ਨਾਲੋਂ ਬੱਚੀ ਨੂੰ ਚੁੱਕ ਕੇ ਹਸਪਤਾਲ ਦੀ ਖਿੜਕੀ ਵਿੱਚ ਰੱਖ ਦਿੱਤਾ ਜਾਵੇ। ਠੰਢ ਨਾਲ ਆਪੇ ਮਰ ਜਾਵੇਗੀ। ਬੱਚੀ ਦੀ ਮਾਂ ਬੇਹੋਸ਼ੀ ਦੀ ਹਾਲਤ ਵਿੱਚ ਸੀ। ਬੱਚੀ ਦੀ ਨਾਨੀ ਨੂੰ ਚਾਹ ਵਿੱਚ ਨੀਂਦ ਗੋਲੀਆਂ ਦੇ ਦਿੱਤੀਆਂ। ਰਾਤ ਸਮੇਂ ਬੱਚੀ ਨੂੰ ਹਸਪਤਾਲ ਦੀ ਖਿੜਕੀ ਦੇ ਬਾਹਰ ਠੰਢ ਵਿੱਚ ਮਰਨ ਲਈ ਪਾ ਦਿੱਤਾ। ਬੱਚੀ ਦੀ ਨਾਨੀ ਅਤੇ ਮਾਂ ਗੂੜ੍ਹੀ ਨੀਂਦ ਸੁੱਤੀਆਂ ਰਹੀਆਂ। ਬੱਚੀ ਸਾਰੀ ਰਾਤ ਖਿੜਕੀ ਦੇ ਬਾਹਰ ਪਈ ਰਹੀ ਅਤੇ ਸਵੱਖਤੇ ਦਾਦੀ ਨੇ ਬੱਚੀ ਨੂੰ ਮਰੀ ਸਮਝ ਕੇ ਖਿੜਕੀ ਵਿੱਚੋਂ ਚੁੱਕ ਕੇ ਮਾਂ ਨਾਲ ਪਾ ਦਿੱਤਾ ਅਤੇ ਮਾਂ ਪੁੱਤ ਬਾਹਰ ਚੱਲ ਕੇ ਬੈਠ ਗਏ ਕਿ ਸਾਡੇ ਉੱਤੇ ਸ਼ੱਕ ਨਾ ਪਵੇ। ਪਰ ਉਸ ਬੱਚੀ ਦੀ ਚੰਗੀ ਕਿਸਮਤ ਕਿ ਐਨੀ ਠੰਢ ਦੇ ਬਾਵਜੂਦ ਵੀ ਬੱਚੀ ਬੱਚ ਗਈ। ਸਵੇਰੇ ਸਾਰੇ ਉੱਠੇ ਤਾਂ ਬੱਚੀ ਮਾਂ ਨਾਲ ਖੇਡ ਰਹੀ ਸੀ। ਜਿਉਂਦੀ ਬੱਚੀ ਨੂੰ ਦੇਖ ਕੇ ਮਾਂ-ਪੁੱਤਰ ਦੇ ਸਿਰ ਸੌ ਘੜਾ ਜਿਵੇਂ ਪਾਣੀ ਦਾ ਪੈ ਗਿਆ ਹੋਵੇ। ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਦੀ ਕਹਾਵਤ ਵਾਂਗ ਬੱਚੀ ਬਚ ਗਈ। ਫੇਰ ਦੂਜੀ ਰਾਤ ਮਾਂ ਪੁੱਤਰ ਨੇ ਹਸਪਤਾਲ ਦੇ ਬਾਹਰ ਬੱਚੀ ਨੂੰ ਗਲਾ ਘੁੱਟ ਕੇ ਮਾਰਨ ਦੀ ਸਲਾਹ ਬਣਾਈ ਤਾਂ ਇਹ ਸਭ ਕੁੱਝ ਬੱਚੇ ਦੀ ਨਾਨੀ ਨੇ ਸੁਣ ਲਿਆ। ਉਸ ਨੇ ਮਾਂ ਪੁੱਤਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੇਰੀ ਦੋਹਤੀ ਜਾਂ ਮੇਰੀ ਬੇਟੀ ਨੂੰ ਕੁੱਝ ਹੋ ਗਿਆ ਤਾਂ ਮੈਂ ਤੁਹਾਡੇ ਉੱਤੇ ਕਤਲ ਦਾ ਮਾਮਲਾ ਦਰਜ ਕਰਵਾ ਦੇਵਾਂਗੀ। ਮਾਂ ਪੁੱਤਰ ਡਰ ਗਏ, ਬੱਚੀ ਬੱਚ ਗਈ। ਬਾਪ ਆਪਣੀ ਉਸ ਬੱਚੀ ਨਾਲ ਨਫਰਤ ਕਰਨ ਲੱਗ ਪਿਆ। ਉਸ ਦੇ ਪਾਲਣ-ਪੋਸ਼ਣ ਪੜ੍ਹਾਈ-ਲਿਖਾਈ, ਖਾਣ-ਪੀਣ, ਪਹਿਰਾਵੇ ਵਿੱਚ ਦੂਜੀਆਂ ਦੋ ਬੇਟੀਆਂ ਨਾਲੋਂ ਪਿਆਰ ਘੱਟ ਕਰਨ ਲੱਗ ਪਿਆ, ਸਗੋਂ ਤੀਜੀ ਬੱਚੀ ਨੂੰ ਦੇਖ ਨਾ ਸੁਖਾਂਦਾ। ਸਮਾਂ ਲੰਘਦਾ ਗਿਆ। ਉਹ
ਬੱਚੀ ਨੂੰ ਨਫਰਤ ਸਹਾਰਦੀ ਪਲ ਕੇ ਵੱਡੀ ਹੋਈ ਸਕੂਲ ਵਿੱਚ ਪੜ੍ਹਾਈ ਦੌਰਾਨ ਹਰ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਉਂਦੀ ਰਹੀ, ਪਰ ਬਾਪ ਅਤੇ ਦਾਦੀ ਦੀ ਨਫਰਤ ਘੱਟ ਨਾ ਹੋਈ। ਇੱਕ ਸਮਾਂ ਐਸਾ ਆਇਆ ਕਿ ਉਸ ਬੱਚੀ ਨੇ ਖੇਡਾਂ ਵਿੱਚ ਗੋਲਡ ਮੈਡਲ ਦਿੱਲੀ ਖੇਡ ਵਿਭਾਗ ਦੇ ਮੰਤਰੀ ਤੋਂ ਲੈਣਾ ਸੀ। ਉਸ ਬੱਚੀ ਦਾ ਬਾਪ ਆਪਣੀ ਬੱਚੀ ਨਾਲ ਦਿੱਲੀ ਚੱਲਾ ਗਿਆ। ਇਨਾਮ ਵੰਡ ਸਮਾਰੋਹ ਬਹੁਤ ਵੱਡੇ ਪੱਧਰ ਤੇ ਹੋਣਾ ਸੀ। ਮੈਡਲ ਲੈਣ ਵਾਲੀਆਂ ਬੱਚੀਆਂ ਦੇ ਮਾਪੇ ਮਾਣ ਨਾਲ ਗਰਦਨ ਉੱਚੀ ਕਰਕੇ ਆਪਣੀਆਂ ਬੱਚੀਆਂ ਨਾਲ ਮਾਣ-ਸਨਮਾਨ ਖੱਟ ਰਹੇ ਆਪਣੀਆਂ ਬੇਟੀਆਂ ਤੇ ਮਾਣ ਕਰ ਰਹੇ ਸਨ, ਪਰ ਉਸ ਬੱਚੀ ਦੇ ਬਾਪ ਦੀ ਐਡੇ ਇੱਕਠ ਸਾਹਮਣੇ ਨੀਵੀਂ ਪਾਈ ਹੋਈ ਸੀ। ਇਹ ਨੀਵੀਂ ਧੀ ਵੱਲੋਂ ਬਾਪੂ ਨੂੰ ਕੋਈ ਬਦਨਾਮੀ ਖੱਟ ਨਹੀਂ ਪਵਾਈ ਸੀ ਸਗੋਂ ਉਹ ਬਾਪ ਆਪਣੀ ਧੀ ਅੱਗੇ ਗਰਦਨ ਨਹੀਂ ਉਠਾ ਰਿਹਾ ਸੀ। ਬਾਪ ਧਰਤੀ ਵਿੱਚ ਗਰਕਦਾ ਜਾ ਰਿਹਾ ਸੀ। ਅਖੀਰ ਉਸ ਬੱਚੀ ਨੇ ਕਿਹਾ ਬਾਬਲਾ ਮੈਂ ਕੋਈ ਐਸਾ ਕੰਮ ਨਹੀਂ ਕੀਤਾ ਕਿ ਤੈਨੂੰ ਸਮਾਜ ਦੀ ਬਦਨਾਮੀ ਡਰੋਂ ਗਰਦਨ ਝੁਕਾਉਣੀ ਪਵੇ। ਸਗੋਂ ਗਰਦਨ ਉੱਚੀ ਕਰਕੇ ਮੇਰੇ ਨਾਲ ਖੜ੍ਹ ਤੇਰੀ ਨਫਰਤ ਕਾਰਨ ਹੀ ਤਾਂ ਮੈਂ ਐਡਾ ਮੈਡਲ ਜਿੱਤਿਆ ਹੈ। ਮੇਰੇ ਬਾਬਲਾ ਤੇਰੀ ਕੋਈ ਗਲਤੀ ਨਹੀਂ ਹੈ। ਸਗੋਂ ਸਮਾਜ ਵਿੱਚ ਕੁੱਝ ਐਸੀਆਂ ਧੀਆਂ ਵੀ ਹਨ, ਜੋ ਪਿਆਰ ਦੇ ਨਸ਼ੇ ਵਿੱਚ ਅੰਨ੍ਹੀਆਂ ਹੋਈਆਂ ਆਪਣੀ ਅਤੇ ਆਪਣੇ ਮਾਪਿਆਂ ਦੀ ਬਰਬਾਦੀ ਲਈ ਐਸਾ ਕਦਮ ਪੁੱਟ ਲੈਂਦੀਆਂ ਹਨ ਕਿ ਮਾਪੇ ਧੀਆਂ ਨੂੰ ਜਨਮ ਦੇਣ ਤੋਂ ਵੀ ਕਤਰਾਉਂਦੇ ਹਨ, ਪਰ ਮੇਰੇ ਬਾਬਲਾ ਸਾਰੀਆਂ ਬੱਚੀਆਂ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ। ਬਾਬਲਾ ਅਸੀਂ ਤਾਂ ਤੇਰੇ ਘਰ ਖੰਨੀ ਰੋਟੀ ਖਾ ਕੇ ਗੁਜ਼ਾਰਾ ਕਰ ਲਵਾਂਗੀਆਂ। ਅਸੀਂ ਖੋਹ ਕੇ ਨਹੀਂ ਮੰਗ ਕੇ ਲੈ ਜਾਣਾ ਹੈ। ਹੁਣ ਤੂੰ ਨਜ਼ਰਾਂ ਉੱਤੇ ਉਠਾ ਕੇ ਸਮਾਜ ਅੱਗੇ ਖੜ੍ਹ ਕਿਉਂਕਿ ਤੇਰੀ ਬੱਚੀ ਨੇ ਤੇਰਾ ਨਾਂਅ ਰੌਸ਼ਨ ਕੀਤਾ ਹੈ। ਪਿਆਰੇ ਪਾਠਕੋ ਇਹ ਕਾਲਪਨਿਕ ਕਹਾਣੀ ਨਹੀਂ ਸਗੋਂ ਜ਼ਿੰਦਗੀ ਦੀ ਸੱਚਾਈ ਹੈ। ਅੱਜ ਉਹ ਲੜਕੀ ਇੱਕ ਉੱਚੀ ਪਦਵੀ ਤੇ ਹੈ ਤੇ ਉਸ ਦਾ ਬਾਪੂ ਆਪਣੀ ਬੱਚੀ ਉੱਤੇ ਮਾਣ ਕਰਦਾ ਨਹੀਂ ਥੱਕਦਾ। ਆਓ ਮੇਰੇ ਸਮਾਜ ਦੇ ਲੋਕੋ ਧੀਆਂ ਨੂੰ ਮਨਹੂਸ ਸਮਝ ਕੇ ਨਫਰਤ ਕਰਨ ਦੀ ਬਜਾਏ ਉਸ ਦੇ ਜਨਮ ਵੇਲੇ ਵੀ ਖੁਸ਼ੀ ਮਨਾਓ ਕੀ ਪਤਾ ਤੁਹਾਡੀ ਬੱਚੀ ਨੇ ਝਾਂਸੀ ਦੀ ਰਾਣੀ, ਕਲਪਨਾ ਚਾਵਲਾ, ਕਿਰਨ ਬੇਦੀ, ਕਦੋਂ ਬਣ ਜਾਣਾ।
ਗੁਰਨੈਬ ਸਾਜਨ ਦਿਓਣ



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO