


ਕਰਨੈਲ ਸਿੰਘ ਐੱਮ.ਏ.
ਪ੍ਰਮਾਤਮਾ ਸਮੇਂ-ਸਮੇਂ ’ਤੇ ਉੱਚੀ ਪਾਵਨ ਸੱਚ ਸਰੂਪ ਪਵਿੱਤਰ ਆਤਮਾ ਨੂੰ ਆਪਣੀਆਂ ਅਲੌਕਿਕ ਦੈਵੀ ਸ਼ਕਤੀਆਂ ਸਹਿਤ ਪੂਰਨ ਕਰਕੇ ਪੈਗੰਬਰਾਂ, ਗੁਰੂ ਅਵਤਾਰਾਂ, ਪੀਰਾਂ-ਫਕੀਰਾਂ ਅਤੇ ਸਾਧੂ ਸੰਤਾਂ ਦਾ ਸਰੂਪ ਦੇ ਕੇ ਮਾਤ ਲੋਕ ਦੇ ਜੀਵਾਂ ਦਾ ਕਲਿਆਣ ਕਰਨ ਲਈ ਇਸ ਸੰਸਾਰ ਵਿੱਚ ਭੇਜਦਾ ਹੈ। ਅਜਿਹੇ ਹੀ ਮਹਾਨ ਪ੍ਰਤਾਪੀ, ਤੇਜੱਸਵੀ, ਤਪੱਸਵੀ, ਕਰਮਯੋਗੀ ਸੰਤ ਨਰਾਇਣ ਹਰੀ ਜੀ ਸਨ। ਸੰਤ ਨਰਾਇਣ ਹਰੀ ਜੀ ਦਾ ਜਨਮ ਸੰਨ 1909 ਈ. ਵਿੱਚ ਪਿਤਾ ਭਾਈ ਜਵਾਲਾ ਸਹਾਏ ਦੇ ਗ੍ਰਹਿ ਮਾਤਾ ਲਾਜਵੰਤੀ ਦੀ ਕੁੱਖੋਂ ਪਿੰਡ ਹਤਾਰ ਤਹਿਸੀਲ ਫਤਹਿਜੰਗ ਜ਼ਿਲ੍ਹਾ ਕੈਮਲਪੁਰ (ਪਾਕਿਸਤਾਨ) ਵਿੱਚ ਹੋਇਆ। ਬਾਬਾ ਨਰਾਇਣ ਹਰੀ ਜੀ ਪੰਜ ਭੈਣਾਂ ਤੇ ਇੱਕਲੇ ਭਰਾ ਸਨ। ਸੰਤ ਜੀ ਨੇ ਬਚਪਨ ਤੋਂ ਹੀ ਤਪੱਸਿਆ ਸ਼ੁਰੂ ਕੀਤੀ। ਆਪ ਛੋਟੀ ਉਮਰ ਵਿੱਚ ਹੀ ਰਾਤ ਨੂੰ ਸ਼ਮਸ਼ਾਨਘਾਟ ਜਾ ਕੇ ਬੈਠ ਜਾਂਦੇ, ਖਾਣ-ਪੀਣ ਆਪਣੇ ਮਨ ਅਤੇ ਗਿਆਨ ਇੰਦਰੀਆਂ ਨੂੰ ਇਕਾਗਰ ਕਰਨ ਦਾ ਅਭਿਆਸ ਕੀਤਾ। 9 ਸਾਲ ਦੀ ਉਮਰ ਵਿੱਚ ਹੀ ਬਾਬਾ ਨਰਾਇਣ ਹਰੀ ਜੀ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਆਪ ਦਾ ਪਾਲਣ ਪੋਸ਼ਣ ਚਾਚਾ ਭਾਈ ਦੀਵਾਨ ਚੰਦ ਜੀ, ਚਾਚੀ ਸੋਮਾਵਤੀ ਜੀ ਅਤੇ ਭੂਆ ਦੇ ਪਿਆਰ-ਦੁਲਾਰ ਤੇ ਮੋਹ ਪਿਆਰ ਨੇ ਕੀਤਾ। 12 ਸਾਲ ਦੀ ਉਮਰ ਵਿੱਚ ਬਾਬਾ ਜੀ ਦਾ ਵਿਆਹ ਸੰਤ ਨਿਹਾਲ ਸਿੰਘ ਨਿਵਾਸੀ ਰਾਵਲਪਿੰਡੀ ਦੀ ਪੁੱਤਰੀ ਬਸੰਤ ਕੌਰ ਨਾਲ ਹੋਇਆ। ਬਾਬਾ ਜੀ ਨੂੰ ਪ੍ਰਮਾਤਮਾ ਦੀ ਅਜਿਹੀ ਲਗਨ ਲੱਗੀ ਕਿ ਘਰ ਪਰਿਵਾਰ ਦਾ ਮਿੱਠਾ-ਮੋਹ ਵੀ ਬੰਨ੍ਹ ਕੇ ਨਾ ਰੱਖ ਸਕਿਆ। ਆਪ ਸਭ ਕੁੱਝ ਤਿਆਗ ਕੇ ਸੱਚ ਦੀ ਖੋਜ ਲਈ ਚੱਲ ਪਏ। ਆਪ ਨੇ ਇੱਕ ਲੋਈ ਲੈ ਕੇ ਤੀਰਥਾਂ ਦੀ ਪੈਦਲ ਯਾਤਰਾ ਕਰਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਬੈਠ ਕੇ ਇੱਥੋਂ ਹੀ ਗੁਰਦੁਆਰਿਆਂ ਦੀ ਸੇਵਾ ਆਰੰਭ ਕੀਤੀ। ਬਾਬਾ ਨਰਾਇਣ ਹਰੀ ਜੀ ਸੱਚਖੱਡ ਸ੍ਰੀ ਹਜੂਰ ਸਾਹਿਬ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰੇਕ ਗੁਰੂ ਵਾਲੇ ਬਣੇ, ਉਪਰੰਤ ਵਾਪਸ ਆਨੰਦਪੁਰ ਸਾਹਿਬ ਆ ਕੇ ਆਪਣੀ ਤਿਆਗੀ ਪਤਨੀ ਨੂੰ ਆਪਣੇ ਨਾਲ ਯੋਗ ਸਮਾਧੀ ਪ੍ਰਾਪਤ ਕਰਨ ਦੀ ਆਗਿਆ ਦੇ ਕੇ ਗੁਰੂ ਕਾ ਲਾਹੌਰ ਵਿੱਚ ਬਹੁਤ ਸਮੇਂ ਤੱਕ ਸੰਗਤਾਂ ਦੀ ਲੰਗਰ ਅਤੇ ਕੀਰਤਨ ਦੁਆਰਾ ਸੇਵਾ ਕੀਤੀ। ਕੁੱਝ ਸਮੇਂ ਬਾਅਦ ਆਪ ਸੰਤ ਮਾਤਾ ਸਮੇਤ ਗੁਰੂ ਕਾ ਲਾਹੌਰ ਤੋਂ ਪੈਦਲ ਭੂੰਤਰ ਲਈ ਚੱਲ ਪਏ। ਭੂੰਤਰ ਆ ਕੇ ਆਪ ਨੇ ਕਈ ਚਲੀਹੇ ਕੱਟੇ, ਯੱਗ ਭੰਡਾਰੇ ਲੱਗਾ ਕੇ ਸੇਵਾ ਤਿਆਗ ਦੇ ਅਥਾਹ ਚਮਤਕਾਰੀ ਕੌਤਕ ਵਿਖਾਏ, ਉੱਥੋਂ ਦੇ ਲੋਕ ਹੈਰਾਨ ਰਹਿ ਗਏ। ਪ੍ਰਮਾਤਮਾ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਉਹ ਦੋਵੇਂ ਸੰਨਿਆਸੀ ਜੀਵ ਪਾਰਵਤੀ ਨਦੀ ਦੇ ਕਿਨਾਰੇ ਚੱਲ ਕੇ ਅਖੀਰ ਗੰਗਾ ਦੇ ਬਰਫਾਨੀ ਪਹਾੜਾਂ ਦੀ ਚੋਟੀ ਤੇ ਪਹੁੰਚੇ। ਸੰਤ ਜੀ ਨੇ ਅੱਧੀ ਸਦੀ ਤੱਕ ਆਪਣਾ ਜੀਵਨ ਇੱਥੇ ਹੀ ਬਿਤਾਇਆ। ਬਾਬਾ ਜੀ ਨੇ ਸੇਵਾ ਸਾਧਨਾ ਕਰਕੇ ਮਹਾਨ ਤੀਰਥ ਅਤੇ ਸ੍ਰੀ ਗੁਰ ੂਨਾਨਕ ਦੇਵ ਜੀ ਦੇ ਪਵਿੱਤਰ ਧਰਮ ਦੀ ਸਥਾਪਨਾ ਕੀਤੀ। ਆਪ ਗੁਰਮਤਿ ਦਾ ਸਪੱਸ਼ਟ ਰੂਪ ਹਨ। ਆਪ ਪਰਮ ਸਤਿ, ਆਦਿ ਧਰਮ, ਬ੍ਰਹਮ-ਗਿਆਨੀ, ਮਾਨਵ ਏਕਤਾ, ਪੂਰਨ ਪ੍ਰੇਮ, ਅਹਿੰਸਾ, ਸਮਾਨਤਾ, ਗਰੀਬੀ, ਸਹਿਣਸ਼ੀਲਤਾ ਮਨੁੱਖਤਾ ਦੀ ਰੱਖਿਆ,
ਸਹਾਇਤਾ ਅਤੇ ਸੇਵਾ ਦਾ ਸਮੁੱਚਾ ਰੂਪ ਸਨ। ਆਪ ਆਏ-ਗਏ ਯਾਤਰੂਆਂ ਦੀ ਹਰ ਸਮੇਂ ਤਨ-ਮਨ ਤੇ ਧਨ ਨਾਲ ਸੇਵਾ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਸੰਤ ਨਰਾਇਣ ਹਰੀ ਜੀ ਨੂੰ ਇੱਥੇ ਹੀ ਅਕਾਸ਼ਵਾਣੀ ਹੋਈ, ਪ੍ਰਮਾਤਮਾ ਵੱਲੋਂ ਹੁਕਮ ਹੋਣ ’ਤੇ ਆਪ ਨੇ ਭਗਵਾਨ ਸ਼ਿਵ ਦੇ ਦੌ ਸਾਲ ਪੁਰਾਣੇ ਤਪ ਅਸਥਾਨ ਤੇ ਕਾਰ ਸੇਵਾ ਕਰਕੇ ਸ਼ਿਵ ਜੀ ਮੰਦਰ ਦੀ ਸਥਾਪਨਾ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਅਸਥਾਨ 1940 ਈ. ਵਿੱਚ ਪਵਿੱਤਰ ਪੱਥਰ ਪ੍ਰਗਟ ਕੀਤਾ ਅਤੇ ਈਸ਼ਵਰ ਰੂਪ ਨਾਨਕ ਦੇਵ ਜੀ ਦੀ ਇਤਿਹਾਸਕ ਯਾਦ ਕਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਦੀ ਨੀਂਹ ਰੱਖ ਕੇ ਹੌਲੀ-ਹੌਲੀ ਨਿਰਮਾਣ ਕਰਕੇ ਲਗਾਤਾਰ ਕੋਸ਼ਿਸ਼ ਤੇ ਮਿਹਨਤ ਸਦਕਾ ਜਗਦੀ ਜੋਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਇਸ ਸਮੇਂ ਕਈ ਮੰਜਿਲਾ ਆਲੀਸ਼ਾਨ ਗੁਰਦੁਆਰਾ, ਇਸ਼ਨਾਨ ਕਰਨ ਲਈ ਗਰਮ ਪਾਣੀ, ਸਰੋਵਰ, ਝੀਲਾਂ, ਲੰਗਰ ਦਾ ਰਮਣੀਕ ਹਾਲ, ਸ਼ਾਂਤਮਈ 4000 ਯਾਤਰੂਆਂ ਦੇ ਰਹਿਣ ਲਈ ਵਿਸ਼ਰਾਮ ਘਰ ਦੇ ਕਮਰੇ, ਸੰਤਪੁਰਾ, ਸਾਧੂ, ਕੁਟੀਆ, ਅਤੇ ਨਰਾਇਣਪੁਰੀ ਦੀ ਰਚਨਾ ਦੇਖ ਕੇ ਮਨੁੱਖ ਦੀਆਂ ਅੱਖਾਂ ਅਦਭੁੱਤ ਪ੍ਰਕਿਰਤੀ ਦੀ ਸੁੰਦਰਤਾ ਦੇ ਦਰਸ਼ਨ ਕਰਕੇ ਪ੍ਰਸ਼ੰਨ ਹੋ ਜਾਂਦੀ ਹੈ। ਆਪ ਦੇ ਦੈਵੀ ਚਿਹਰੇ ਤੇ ਸਹਿਜ ਮਨ ਦੀ ਪਰਸੰਨਤਾ ਅਤੇ ਪਵਿੱਤਰਤਾ ਦੇ ਪਿਆਰ ਦੇ ਹਮੇਸ਼ਾਂ ਦਰਸ਼ਨ ਹੁੰਦੇ ਰਹਿੰਦੇ ਸਨ। ਆਪ ਦੀ ਬ੍ਰਹਮ-ਦ੍ਰਿਸ਼ਟੀ ਅਜਿਹੀ ਦਿੱਸਦੀ ਸੀ ਕਿ ਗੁਰਬਾਣੀ ਦੇ ਅਨਮੋਲ ਬਚਨ ਸੱਚ ਹੋ ਜਾਂਦੇ ਸਨ।
ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨਾ ਦਿਸਹਿ ਬਾਹਰਾ ਜੀਉ॥3॥
(ਰਾਗੁ ਮਾਝ ਮਹਲਾ 5, ਅੰਗ 97)
ਸੰਤ ਜੀ ਨੇ ਕਥਾ ਕੀਰਤਨ, ਸਤਿਸੰਗ ਵਿਚਾਰ ਬੈਕੁੰਠ ਦੇ ਦਰਵਾਜ਼ੇ ਖੋਲ੍ਹੇ ਹੋਏ ਸਨ।
ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕੁ ਏਕੁ ਵਖਾਣੀਐ
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀਂ ਜਾਣੀਐ॥ 4॥ 2॥
(ਬਿਲਾਵਲੁ ਮਹਲਾ 5, ਅੰਗ 846)
ਮਨੀਕਰਨ ਵਿਖੇ ਠੰਢੇ ਅਤੇ ਗਰਮ ਪਾਣੀ ਦਾ ਦਰਿਆ ਵਗਦਾ ਹੈ। ਮਨੀਕਰਨ ਦੇ ਆਸ-ਪਾਸ ਪਾਂਡਵਾ ਦੇ ਵੇਲੇ ਦੇ ਮੰਦਰ ਵੀ ਬਣੇ ਹੋਏ ਹਨ। ਸੰਤ ਨਰਾਇਣ ਹਰੀ ਜੀ ਦਾ ਸਾਰਾ ਜੀਵਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ‘‘ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ॥’’ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ‘‘ਰੇ ਮਨੋ ਐਸੋ ਕਰਿ ਸਨਿਆਸਾ॥’’ ਦੇ ਦਰਸ਼ਨ ਦਾ ਤਾਰਿਆਂ ਵਾਂਗ ਚਹਿਕਦਾ ਅਨੰਦਮਈ ਰੂਪ ਸੀ। ਸੇਵਾ ਦੇ ਪੁੰਜ ਸੰਤ ਨਰਾਇਣ ਹਰੀ ਜੀ ਨੇ ਅਤੁੱਟ ਲੰਗਰ ਦੇ ਪ੍ਰਵਾਹ ਆਰੰਭ ਕੀਤੇ, ਸੁੰਦਰ ਸਮਾਗਮ ਕੀਤੇ, ਦੋਵੇਂ ਸਮੇਂ ਕੀਰਤਨ ਦੀ ਅੰਮ੍ਰਿਤ ਵਰਖਾ ਕੀਤੀ। ਸੰਤ ਜੀ ਦੀ ਮੌਜੂਦਗੀ ਵਿੱਚ ਜਦੋਂ ਸਤਿਸੰਗ ਜਾਂ ਕੀਰਤਨ ਕਈ ਘੰਟੇ ਲਗਾਤਾਰ ਚੱਲਦਾ ਤਾਂ ਦੂਰ-ਦੂਰ ਤੱਕ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸ਼ਾਂਤੀ ਤੇ ਸੱਚ, ਵੈਰਾਗ ਦੀ ਸੁਗੰਧੀ ਫੈਲ ਕੇ ਮਨੁੱਖ ਮਨਾਂ ਨੂੰ ਪ੍ਰਮਾਤਮਾ ਦੇ ਨਾਮ ਦ ਏਕਤਾ ਵਿੱਚ ਪਰੋ ਦਿੰਦੀ ਸੀ। ਆਪ ਜਦੋਂ ਮਿੱਠੀ ਆਵਾਜ਼ ਵਿੱਚ ਗਾਉਂਦੇ ਤਾਂ ਸਾਰਾ ਵਾਤਾਵਰਣ ਪ੍ਰੇਮ ਅਤੇ ਏਕਤਾ ਦੀ ਨਿਰਮਲਤਾ ਨਾਲ ਭਰ ਕੇ ਗੂੰਜ ਉੱਠਦਾ। ਸੰਤ ਜੀ ਦੀ ਗੁਰਦੁਆਰੇ ਤੋਂ ਥੋੜ੍ਹੀ ਦੂਰ ਟਿੱਲੇ ਤੇ ਇੱਕ ਗੁਫਾ ਬਣਾਈ ਹੋਈ ਹੈ। ਸੰਤ ਜੀ ਸਾਲ ਵਿੱਚ 40 ਦਿਨ ਇਸ ਗੁਫਾ ਦੇ ਵਿੱਚ ਤਪ ਤੇ ਪਾਠ ਕਰਦੇ ਸਨ। ਆਪ ਨੇ ਸਿਰਫ ਪਾਰਵਤੀ ਗੰਗਾ ਦੇ ਦੋਵੇਂ ਤੱਟਾਂ ਨੂੰ ਮਿਲਾਉਣ ਲਈ ਹੀ ਪੁੱਲ ਨਹੀਂ ਬਣਾਇਆ ਗਿਆ, ਸਗੋਂ ਆਪ ਨੇ ਮਨੁੱਖੀ ਆਤਮਾ ਅਤੇ ਪ੍ਰਮਾਤਮਾ ਦਾ ਮਿਲਾਪ ਕਰਨ ਲਈ ਧਰਮ ਸਥਾਨ ਦਾ ਪੁੱਲ ਬਣਾਇਆ। ਸੰਤ ਨਰਾਇਣ ਹਰੀ ਜੀ ਨੇ ਮਨੁੱਖ ਜਾਤੀ ਤੇ ਪਰਉੁਪਕਾਰ ਕਰਦੇ ਹੋਏ ਆਪਣੇ ਜੀਵਨ ਵਿੱਚ ਅਣਗਿਣਤ ਸੱਚੇ ਸੌਦੇ ਕੀਤੇ ਅਤੇ ਅੰਤ ਕੀਮਤੀ ਭੋਜਨ ਦਾ ਲਾਭ ਕਰਕੇ ਪ੍ਰਮੇਸ਼ਰ ਦੀ ਦਰਗਾਹ ਦੇ ਧੁਰੋਂ ਸੱਦਾ ਆਉਣ ਤੇ ਹੀ 22 ਫਰਵਰੀ 1989 ਈ. ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ। ਅਜਿਹੇ ਮਹਾਂਪੁਰਖਾਂ ਲਈ ਗੁਰਬਾਣੀ ਦਾ ਕਥਨ ਹੈ।
ਜਿਉ ਥਲ ਮਹਿ ਜਲੁ ਆਇਆ ਖਟਾਨਾ॥
ਤਿਉ ਜੋਤੀ ਸੰਗਿ ਜੋਤਿ ਸਮਾਨਾ॥
(ਗਉੜੀ ਸੁਖਮਨੀ ਮ.5 278)
ਸੇਵਾ ਤੇ ਸਿਮਰਨ ਦੇ ਪੁੰਜ, ਮਹਾਨ ਤੇ ਪ੍ਰਤਾਪੀ ਸੰਤ ਨਰਾਇਣ ਹਰੀ ਜੀ ਦੀ 23ਵੀਂ ਬਰਸੀ ਦਾ ਸੱਤ ਰੋਜ਼ਾ ਸਮਾਗਮ 16 ਤੋਂ 22 ਫਰਵਰੀ ਤੱਕ ਗੁਰਦੁਆਰਾ ਹਰੀ ਹਰ ਘਾਟ ਮਨੀਕਰਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਲੱਖਾਂ ਸੰਗਤਾਂ ਦੇਸ਼-ਵਿਦੇਸ਼ ਤੋਂ ਸਮਾਗਮ ਵਿੱਚ ਸ਼ਾਮਲ ਹੁੰਦੀਆਂ ਹਨ। ਪੰਥ ਦੇ ਪ੍ਰਸਿੱਧ ਰਾਗੀ, ਕਵੀਸ਼ਰ, ਵਿਦਵਾਨ, ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO