


ਕੁਲਦੀਪ ਸਿੰਘ ਢਿੱਲੋਂ
ਨੌਜਵਾਨ ਪੀੜ੍ਹੀ ਨੂੰ ਸਾਡੇ ਦੇਸ਼ ਦਾ ਭਵਿੱਖ ਕਦੇ ਤੰਦਰੁਸਤੀ ਸਮਾਜ ਦੀ ਨੀਂਹ ਤੇ ਕਦੇ ਆਉਣ ਵਾਲੇ ਕੱਲ੍ਹ ਦੇ ਨੇਤਾ ਕਿਹਾ ਜਾਂਦਾ ਹੈ ਪਰ ਸਾਡੇ ਦੇਸ਼ ਦਾ ਭਵਿੱਖ ਅਖਵਾਉਣ ਵਾਲੀ ਨੌਜਵਾਨ ਪੀੜ੍ਹੀ ਦਾ ਆਪਣਾ ਭਵਿੱਖ ਹੀ ਖਤਰੇ ਵਿੱਚ ਪੈ ਚੁੱਕਿਆ ਹੈ। ਪਹਿਲਾਂ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜਾ ਬੰਦਾ ਅਨਪੜ੍ਹ ਐ ਸਮਝ ਲੈ ਕਿ ਕਿਸੇ ਪਾਸੇ ਯੋਗ ਨਹੀਂ ਹੁੰਦਾ ਸੀ ਉਸਦਾ ਆਉਣ ਵਾਲਾ ਭਵਿੱਖ ਕੋਈ ਬਾਹਲਾ ਚੰਗਾ ਨਹੀਂ ਪਰ ਅੱਜ ਕੱਲ ਤਾਂ ਇਹ ਕਹਿਣਾ ਬਣਦਾ ਹੈ ਕਿ ਜਿਆਦਾ ਪੜ੍ਹੇ ਲਿਖੇ ਦੇ ਭਵਿੱਖ ਦਾ ਵੀ ਕੋਈ ਪਤਾ ਨਹੀਂ ਕਿਹੋ ਜਿਹਾ ਹੋਵੇਗਾ। ਵੈਸੇ ਤਾਂ ਕਹਿਣ ਸੁਣਨ ਨੂੰ ਬਹੁਤ ਚੰਗਾ ਜਿਹਾ ਲੱਗਦਾ ਹੈ ਕਿ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹੈ ਪਰ ਅੱਜ ਦੇਸ਼ ਦਾ ਭਵਿੱਖ ਅਖਵਾਉਣ ਵਾਲੀ ਨੌਜਵਾਨ ਪੀੜ੍ਹੀ ਥਾਂ-ਥਾਂ ਗਲੀਆਂ ਸੜ੍ਹਕਾਂ ਤੇ ਰੁਲਦੀ ਫਿਰਦੀ ਹੈ। ਦੇਸ਼ ਦੇ ਭਵਿੱਖ ਦੇ ਭਵਿੱਖ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ। ਸਭ ਨੂੰ ਆਪੋ ਆਪਣੀ ਪਈ ਐ। ਅੱਜ ਦੇ ਸਮੇਂ ਨੌਜਵਾਨ ਮੁੰਡੇ ਕੁੜੀਆਂ ਪੜ੍ਹ ਲਿਖ ਕੇ ਵੀ ਆਪਣੇ ਭਵਿੱਖ ਪ੍ਰਤੀ ਚਿੰਤਾ ’ਚ ਡੁੱਬੇ ਰਹਿੰਦੇ ਹਨ ਕਿ ਪਤਾ ਨਹੀਂ ਕੀ ਬਣੂੰ?
ਕੋਈ ਰੁਜ਼ਗਾਰ ਵੀ ਮਿਲੂ ਜਾਂ ਫਿਰ ਪੱਲੇ ਡਿਗਰੀਆਂ ਹੀ ਰਹਿ ਜਾਣਗੀਆਂ। ਅੱਜ ਅਸੀਂ ਕਿਸੇ ਵੀ ਜਗ੍ਹਾ ਚਲੇ ਜਾਈਏ ਹਰ ਥਾਂ ਤੇ ਦੇਸ਼ ਦਾ ਭਵਿੱਖ ਆਪਣੇ ਭਵਿੱਖ ਦੀ ਚਿੰਤਾ ਵਿੱਚ ਡੁੱਬਿਆ ਨਜ਼ਰ ਆਵੇਗਾ। ਜੇਕਰ ਕੋਈ ਚੰਗਾ ਪੜ੍ਹ ਲਿਖ ਜਾਵੇ ਤਾਂ ਵੀ ਉਹ ਫਿਕਰਮੰਦ ਐ ਤੇ ਜੋ ਘੱਟ ਪੜ੍ਹਿਆ ਉਸਨੇ ਫਿਕਰਮੰਦ ਹੋਣਾ ਹੀ ਐ। ਬੀਤੇ ਸਮੇਂ ਵਿੱਚ ਹੀ ਅਸੀਂ ਦੇਖਿਆ ਹੋਣਾ ਕਿ ਕਿਵੇਂ ਜਦੋਂ ਸਾਡੇ ਦੇਸ਼ ਦੇ ਭਵਿੱਖ ਨੇ ਡਿਗਰੀਆਂ ਕਰ ਕਰ ਕੇ ਆਪਣੇ ਹੱਕ ਮੰਗੇ ਤਾਂ ਉਹਨਾਂ ਨਾਲ ਕੀ ਕੁੱਝ ਵਾਪਰਿਆ ਕੁੱਟ ਕੁਟਾਪੇ ਤੇ ਥੱਪੜਾਂ ਤੋਂ ਇਲਾਵਾ ਉਹਨਾਂ ਨੂੰ ਕੀ ਮਿਲਿਆ, ਕੁੱਝ ਵੀ ਨਹੀਂ। ਨੌਜਵਾਨਾਂ ਨੂੰ ਇੱਥੋਂ ਤੱਕ ਕੁੜੀਆਂ ਨੂੰ ਵੀ ਗੁੱਤਾਂ ਤੋਂ ਫੜ੍ਹ-ਫੜ੍ਹ ਕੇ ਘੜੀਸਿਆ ਸ਼ਰੇਆਮ ਥੱਪੜ ਮਾਰੇ ਇੱਕ ਕੁੜੀ ਦੀ ਇੱਜਤ ਸਮਝੀ ਜਾਣ ਵਾਲੀ ਚੁੰਨੀ ਵੀ ਲੀਰੋ ਲੀਰ ਕਰ ਦਿੱਤੀ ਗਈ ਤਾਂ ਦੱਸੋ ਕਿ ਇਹ ਸਾਡੇ ਦੇਸ਼ ਦਾ ਭਵਿੱਖ ਦਾ ਭਵਿੱਖ। ਅੰਤਾਂ ਦੀ ਪੜ੍ਹਾਈ ਕਰਕੇ ਵੀ ਸਾਡੇ ਦੇਸ਼ ਦੇ ਭਵਿੱਖ ਨੂੰ ਕਈ ਵਾਰ ਮਜ਼ਬੂਰੀ ਵੱਸ ਅਜਿਹੇ ਕੰਮ ਕਰਨੇ ਪੈਂਦੇ ਹਨ ਕਿ ਅਸੀਂ ਸੋਚ ਵੀ ਨਹੀਂ ਸਕਦੇ ਜਿਵੇਂ ਕਿ ਪਿਛਲੇ ਦਿਨੀਂ ਮੈਂ ਇੱਕ ਕਹਾਣੀ ਪੜ੍ਹੀ ਕਿ ਦੋਸਤ ਇੱਕ ਆਟੋ ਰਿਕਸ਼ਾ ਵਿੱਚ ਬੈਠ ਕੇ ਕਿਤੇ ਜਾਂਦੇ ਨੇ ਤੇ ਜਦੋਂ ਉਹਨਾਂ ਨੇ ਉਸ ਆਟੋ ਵਾਲੇ ਤੋਂ ਕਿਰਾਇਆ ਪੁੱਛਿਆ ਤਾਂ ਉਹ ਕਹਿੰਦਾ ਕਿ ਸਰ ਥਰਟੀ ਰੁਪੀ ਓਨਲੀ। ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਬਹੁਤ ਪੜ੍ਹਿਆ ਲਿਖਿਆ ਨੌਕਰੀ ਨਾ ਮਿਲਣ ਕਰਕੇ ਆਟੋ ਚਲਾਉਣ ਵਾਲਾ ਸਾਡੇ ਦੇਸ਼ ਦਾ ਭਵਿੱਖ ਸੀ। ਇਸੇ ਤਰ੍ਹਾਂ ਅਸੀਂ ਅਕਸਰ ਜਿਹੇ ਮੁੰਡੇ ਕੁੜੀਆਂ ਦੇਖਦੇ ਹਾਂ।
ਜਿਨ੍ਹਾਂ ਕੋਲ ਕਾਲੇ ਰੰਗ ਦਾ ਇੱਕ ਬੈਗ ਹੁੰਦਾ ਹੈ ਤੇ ਘਰ ਘਰ ਜਾ ਕੇ ਕੁੱਝ ਵੇਚਦੇ ਫਿਰਦੇ ਹੁੰਦੇ ਹਨ। ਇਸੇ ਤਰ੍ਹਾਂ ਇੱਕ ਦਿਨ ਮੁੰਡਾ ਕੁੜੀ ਸਾਡੇ ਵਿੱਚ ਘੁੰਮਦੇ ਸਾਡੇ ਘਰ ਆ ਗਏ ਤਾਂ ਮੈਂ ਉਹਨਾਂ ਨਾਲ ਗੱਲੀਂ ਪੈ ਗਿਆ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਤਾਂ ਉਹਨਾਂ ਨੇ ਦੱਸਿਆ ਕਿ ਉਹ ਕਿਸੇ ਕੰਪਨੀ ਵਿੱਚ ਕੰਮ ਕਰਦੇ ਨੇ ਘਰ ਘਰ ਜਾ ਕੇ ਕੰਪਨੀ ਦੇ ਕੁੱਝ ਪ੍ਰੋਡਕਟ ਵੇਚਦੇ ਹਨ। ਜਿਸ ਵਿੱਚੋਂ ਉਹਨਾਂ ਨੂੰ ਕੰਪਨੀ ਕਮਿਸ਼ਨ ਦਿੰਦੀ ਐ, ਜਦੋਂ ਮੈਂ ਪੁੱਛਿਆ ਕਿ ਕਿੰਨਾ ਕੁ ਕਮਿਸ਼ਨ ਹੁੰਦਾ ਤਾਂ ਉਹ ਬੋਲੇ ਕਿ ਬੱਸ ਚੁੱਪ ਹੀ ਭਲੀ ਐ, ਗੁਜਾਰ ਮਸਾਂ ਹੁੰਦਾ ਹੈ। ਗੱਲਾਂ-ਗੱਲਾਂ ਵਿੱਚ ਉਹਨਾਂ ਨੇ ਦੱਸਿਆ ਕਿ ਸ਼ਾਮ ਹੋਈ ਤੇ ਵਾਪਿਸ ਮੁੜਦੇ ਨੇ ਤੇ ਜੇ ਕਿਸੇ ਦਿਨ ਕੁੱਝ ਨਾ ਵਿਕੇ ਤਾਂ ਅੱਗੋਂ ਕੰਪਨੀ ਵਾਲੇ ਸੋ ਸੋ ਗੱਲ ਕਰਦੇ ਹਨ। ਫਿਰ ਉਹ ਕੁੜੀ ਬੋਲੀ ਵੀਰ ਜੀ ਕੀ ਕਰੀਏ ਘਰਦਿਆਂ ਨੇ ਬਹੁਤ ਪੈਸਾ ਲਾ ਲਾ ਪੜ੍ਹਾਇਆ ਪਰ ਕੁੱਝ ਨਹੀਂ ਬਣਿਆ ਹੁਣ ਘਰ ਦੇ ਕਹਿ ਦਿੰਦੇ ਨੇ ਕਿ ਜੇ ਵਿਹਲੇ ਰਹਿਣਾ ਸੀ ਤਾਂ ਸਾਡਾ ਐਨਾ ਪੈਸਾ ਬਰਬਾਦ ਕਿਉਂ ਕਰਵਾਇਆ ਤਾਂ ਕਰਕੇ ਆਹ ਦਰ ਦਰ ਭਟਕਦੇ ਫਿਰਦੇ ਹਾਂ।
ਉਹ ਦੋਵੇਂ ਜਣੇ ਮੇਰੇ ਕੋਲ ਬੈਠ ਰਹੇ। ਗੱਲਾਂ ਕਰਕੇ ਸ਼ਾਇਦ ਉਹਨਾਂ ਦਾ ਦਿਲ ਵੀ ਕੁੱਝ ਹੌਲਾ ਜਿਹਾ ਹੋ ਗਿਆ, ਉਹ ਚਲੇ ਗਏ। ਮੈਂ ਬੈਠਾ ਸੋਚ ਰਿਹਾ ਸੀ ਕਿ ਇਹ ਸਾਡੇ ਦੇਸ਼ ਦਾ ਭਵਿੱਖ ਜਿਸ ਦਾ ਆਪਣਾ ਭਵਿੱਖ ਹੀ ਧੁੰਦਲਾ ਐ। ਵੈਸੇ ਤਾਂ ਇਹ ਗੱਲ ਕਹੀ ਜਾਂਦੀ ਏ ਕਿ ਸਾਡੇ ਦੇਸ਼ ਦਾ ਭਵਿੱਖ ਵੀ ਖਤਰੇ ’ਚ ਹੈ। ਪਰ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਪੂਰੀ ਲਗਨ ਤੇ ਮਿਹਨਤ ਨਾਲ ਕਿਸੇ ਵੀ ਖੇਤਰ ਵਿੱਚ ਜਾਂਦੇ ਹਨ ਉਹਨਾਂ ਭਵਿੱਖ ਦੀ ਕੋਈ ਵੀ ਗਾਰੰਟੀ ਨਹੀਂ ਕਿ ਕੀ ਹੋਵੇਗਾ। ਸਾਡੇ ਦੇਸ਼ ਦੇ ਲੀਡਰਾਂ ਨੂੰ ਦੇਸ਼ ਦੇ ਭਵਿੱਖ ਦਾ ਖਤਰੇ ਵਿੱਚ ਦਿਸਦੈ ਪਰ ਸਾਡੇ ਨੌਜਵਾਨਾਂ ਦਾ ਕਿਸੇ ਨੂੰ ਕੋਈ ਫਿਕਰ ਨਹੀਂ। ਬਿਆਨ ਜਿੰਨੇ ਮਰਜੀ ਦਵਾ ਲਉ। ਜੇਕਰ ਸਾਡੇ ਦੇਸ਼ ਦਾ ਭਵਿੱਖ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੇ ਤਾਂ ਪਹਿਲਾਂ ਉਹਨਾਂ ਦਾ ਭਵਿੱਖ ਸੁਰੱਖਿਅਤ ਹੋਣਾ ਲਾਜਮੀ ਹੈ। ਤਾਂ ਹੀ ਸਾਡੇ ਦੇਸ਼ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ। ਜੇਕਰ ਸਾਡੇ ਦੇਸ਼ ਭਵਿੱਖ ਪੜ੍ਹ ਲਿਖ ਕੇ ਆਟੋ ਰਿਕਸ਼ਾ ਚਲਾਉਂਦਾ ਰਿਹਾ। ਆਪਣੇ ਹੱਕਾਂ ਵਾਸਤੇ ਕੁੱਟ ਖਾਂਦਾ ਰਿਹਾ ਤੇ ਇੰਝ ਹੀ ਗਲੀਆਂ ਸੜ੍ਹਕਾਂ ਤੇ ਰੁੱਲਦਾ ਰਿਹਾ ਤੇ ਇੰਝ ਹੀ ਗਲੀਆਂ ਸੜ੍ਹਕਾਂ ਤੇ ਰੁਲਦਾ ਰਿਹਾ ਤਾਂ ਫਿਰ ਭਾਂਤ ਜਾਣਦੇ ਹਾਂ। ਉਂਝ ਬਥੇਰਾ ਰੌਲਾ ਰੱਪਾ ਪੈਂਦਾ ਕਿ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਵਹੀਰਾਂ ਘੱਤੀ ਜਾ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਐ ਕਿ ਇੱਥੇ ਸਾਡੇ ਨਾਲ ਕੀ ਹੋਵਾਂਗਾ ਕਿਉਂਕਿ ਉਹਨਾਂ ਨੂੰ ਪਤਾ ਐ ਕਿ ਇੱਥੇ ਸਾਡੇ ਨਾਲ ਕੀ ਹੋਵਾਂਗਾ। ਜੇ ਘੱਟ ਪੜ੍ਹੇ ਤਾਂ ਗਲੀ ਗਲੀ ਜਾ ਕੇ ਸਮਾਨ ਵੇਚਦੇ ਫਿਰਾਂਗੇ ਤੇ ਜੋ ਕੋਈ ਡਿਗਰੀ ਕਰ ਲਵੇ ਤਾਂ ਫਿਰ ਡਾਂਗਾ ਖਾਣੀਆਂ ਪੈਣਗੀਆ। ਇਕੱਲਾ ਕਹਿਣ ਨਾਲ ਕੁੱਝ ਨਹੀਂ ਹੋਣਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦਾ ਗਲੀਆਂ ਸੜ੍ਹਕਾਂ ਤੇ ਨਾ ਰੁਲੇ ਫਿਰ ਸਾਡੇ ਦੇਸ਼ ਦੇ ਭਵਿੱਖ ਦਾ ਸੁਰੱਖਿਅਤ ਹੋਦਾ ਲਾਜਮੀ ਹੈ। ਜੇ ਸਾਡੇ ਦੇਸ਼ ਦਾ ਭਵਿੱਖ ਅਖਵਾਉਣ ਵਾਲੇ ਨੌਜਵਾਨਾਂ ਦਾ ਭਵਿੱਖ ਚੰਗਾ ਨਹੀਂ ਤਾਂ ਫਿਰ ਦੇਸ਼ ਦੇ ਭਵਿੱਖ ਦਾ ਤਾਂ ਰੱਬ ਹੀ ਰਾਖਾ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO