Saturday, May 19, 2012

ਆਜ਼ਾਦੀ ਮਗਰੋਂ ਦੇਸ਼ ਦੀ ਆਰਥਿਕਤਾ ਨੂੰ ਨਵੇਂ ਸਿਰਿਓਂ ਵਿਉਂਤਣ ਅਤੇ ਅਨਾਜ ਲੋੜਾਂ ਦੀ ਪੂਰਤੀ ਲਈ ਖੇਤੀਬਾੜੀ ਖੋਜ ਨੂੰ ਅੱਗੇ ਵਧਾਉਣ ਦੀ ਯੋਜਨਾ ਤਿਆਰ ਹੋਈ ਤਾਂ ਉਸ ਵਿੱਚ ਪੰਜਾਬ ਨੂੰ ਪ੍ਰਮੁੱਖ ਕੇਂਦਰ ਵੱਜੋਂ ਵਿਕਾਸ ਦਾ ਮੌਕਾ ਮਿਲਿਆ। ਖੇਤੀਬਾੜੀ ਯੂਨੀਵਰਸਿਟੀਆਂ ਦੀ ਉਸਾਰੀ ਹੋਈ ਤਾਂ ਪੰਤ ਨਗਰ ਤੋਂ ਬਾਅਦ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰਲ ਐਂਡ ਟੈਕਨਾਲੋਜੀ  ਅਤੇ ਇਸੇ ਨਾਲ ਹੀ 1962 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਦੀ ਸਥਾਪਨਾ ਕੀਤੀ ਗਈ।  ਇਸ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਮਿਹਨਤ, ਯੋਜਨਾਕਾਰਾਂ ਦੀ ਦੂਰ-ਦ੍ਰਿਸ਼ਟੀ ਅਤੇ ਮਿਹਨਤੀ ਕਿਸਾਨਾਂ ਵੱਲੋਂ ਅਪਣਾਏ ਵਿਗਿਆਨਕ ਢੰਗਾਂ ਨਾਲ ਪੰਜਾਬ ਨੂੰ ਹਰੇ ਇਨਕਲਾਬ ਦਾ ਮੋਢੀ ਬਣਨ ਦਾ ਮੌਕਾ ਮਿਲਿਆ। 1965-66 ਵਿੱਚ ਜਿਹੜੀ ਕਣਕ 11 ਕੁਇੰਟਲ ਪ੍ਰਤੀ ਹੈਕਟੇਅਰ ਹੁੰਦੀ ਸੀ, ਉਹ ਹੁਣ 47 ਕੁਇੰਟਲ ਪ੍ਰਤੀ ਹੈਕਟੇਅਰ ਹੋ ਰਹੀ ਹੈ। ਇਸੇ ਤਰ੍ਹਾਂ ਝੋਨੇ ਦੀ ਪੈਦਾਵਾਰ ਜੋ 1965-66 ਵਿੱਚ ਸਿਰਫ 15 ਕੁਇੰਟਲ ਪ੍ਰਤੀ ਹੈਕਟਅਰ ਹੁੰਦੀ ਸੀ, ਉਹ ਹੁਣ ਵੱਧ ਕੇ 60 ਕੁਇੰਟਲ ਤੇ ਪਹੁੰਚ ਗਈ ਹੈ। ਖੇਤੀ ਘਣਤਾ  189 ਫੀਸਦੀ ਤੇ ਪਹੁੰਚ ਗਈ ਹੈ, ਜਦਕਿ 1965-66 ਵਿੱਚ ਇਹ ਸਿਰਫ 130 ਫੀਸਦੀ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਕਿਸਾਨਾਂ ਦੇ ਸੁਮੇਲ ਵਰਗੀ ਪੂਰੀ ਦੁਨੀਆਂ ਵਿੱਚ ਮਿਸਾਲ ਨਹੀਂ ਮਿਲਦੀ। ਹੁਣ ਉਦਯੋਗ ਨੇ ਵੀ ਖੇਤੀਬਾੜੀ ਖੋਜ ਅਤੇ ਕਿਸਾਨ ਦੀ ਮੱਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਖੇਤੀਬਾੜੀ ਦੇ ਵਿਕਾਸ ਅਤੇ ਭਵਿੱਖ ਮੁੱਖੀ ਦਿਸ਼ਾ-ਨਿਰਦੇਸ਼ਨਾ ਲਈ ਵਿਗਿਆਨ ਕਿਸਾਨ ਅਤੇ ਉਦਯੋਗ ਦੀ ਤ੍ਰਿਸ਼ੂਲ ਯਕੀਨਨ ਚੰਗਾ ਆਰੰਭ ਹੈ।
ਸਾਡੇ ਸਾਹਮਣੇ ਚੁਣੌਤੀਆਂ-ਅੱਜ ਖੇਤੀਬਾੜੀ ਲਾਗਤਾਂ ਵੱਧ ਰਹੀਆਂ ਹਨ ਅਤੇ ਮੁਨਾਫਾ ਘੱਟ ਰਿਹਾ ਹੈ। ਇਵੇਂ ਹੀ ਪੁਸ਼ਤ ਦਰ ਪੁਸ਼ਤ ਜ਼ਮੀਨ ਦੀ ਮਾਲਕੀ ਘੱਟ ਰਹੀ ਹੈ। ਰਕਬਾ ਘੱਟਣ ਕਾਰਨ ਬਹੁਤੇ ਕਿਸਾਨ ਪਰਿਵਾਰਾਂ ਦੇ ਬੱਚਿਆਂ ਵਿੱਚ ਖੁਦ ਖੇਤੀ ਕਰਨ ਦਾ ਉਤਸ਼ਾਹ ਨਹੀਂ ਰਿਹਾ। ਪਹਿਲਾਂ ਕਿਸਾਨ ਸਵੇਰੇ ਸਵਖਤੇ ਉੱਠ ਕੇ ਹੱਲ ਵਾਹੁੰਦਾ ਸੀ ਅਤੇ ਸਾਰਾ ਦਿਨ ਕੰਮਕਾਰ ਵਿੱਚ ਰੁਝਿਆ ਰਹਿੰਦਾ ਸੀ ਪਰ ਅੱਜ ਦੱਸਾਂ ਨਹੁੰਆਂ ਦੀ ਥਾਂ ਸਿਰਫ ਪ੍ਰਵਾਸੀ ਮਜ਼ਦੂਰ ਨੂੰ ਕੰਮ ਕਹਿਣ ਵਾਸਤੇ ਇੱਕ ਉਂਗਲੀ ਚੱਲਦੀ ਹੈ ਅਤੇ ਬਹੁਤੇ ਪਰਿਵਾਰਾਂ ਵਿੱਚ ਇੱਕ ਉਂਗਲੀ ਵੀ ਨਹੀਂ ਚੱਲਦੀ।


ਰਸਾਇਣਕ ਖਾਦਾਂ ਦੀ ਵਰਤੋਂ ਵੱਧਣ ਕਾਰਨ ਦੇਸੀ ਰੂੜੀ ਵੱਲ ਸਾਡੀ ਰੁਚੀ ਨਹੀਂ ਰਹੀ ਅਤੇ ਦੇਸੀ ਰੂੜੀ ਦੀ ਮਾਤਰਾ ਵੀ ਸਾਡੀਆਂ ਲੋੜਾਂ ਮੁਤਾਬਕ ਪੂਰੀ ਨਹੀਂ। ਗੋਡੀ ਕਰਕੇ ਨਦੀਨ ਕੱਢਣ ਦੀ ਥਾਂ  1975  ਤੋਂ ਨਦੀਨ ਨਾਸ਼ਕ ਜ਼ਹਿਰਾਂ ਦੀ ਵਰਤੋਂ ਹੁਣ ਸਿਖਰਾਂ ਤੇ ਪਹੁੰਚ ਗਈ ਹੈ। ਜਿੰਨੀ ਮਸ਼ੀਨਰੀ ਸਾਨੂੰ ਚਾਹੀਦੀ ਹੈ ਕਿ ਉਸ ਨਾਲੋਂ ਕਿਤੇ ਵੱਧ ਮਸ਼ੀਨਰੀ ਅਸੀਂ ਖਰੀਦੀ ਬੈਠੇ ਹਾਂ। ਲੱਗਭੱਗ ਸਾਢੇ ਚਾਰ ਲੱਖ ਟਰੈਕਟਰ ਅਤੇ ਲੱਗਭੱਗ ਸਾਢੇ 12 ਲੱਖ ਟਿਊਬਵੈਲ ਪੰਜਾਬ ਦੀ ਖੇਤੀ ਨੂੰ ਪਾਲ ਰਹੇ ਹਨ। ਘੱਟੋ ਘੱਟ ਸਮਰੱਥਨ ਮੁੱਲ ਮਿਲਣ ਕਰਕੇ ਕਣਕ ਅਤੇ ਝੋਨਾ ਤਾਂ ਪੰਜਾਬ ਦੀ ਮੁੱਖ ਫਸਲ ਬਣ ਗਈ ਹੈ, ਪਰ ਖੇਤੀਬਾੜੀ ਵੰਨ-ਸਵੰਨਤਾ ਵੱਲ ਸਾਡਾ ਰੁਝਾਨ ਨਹੀਂ ਬਣ ਰਿਹਾ ਹੈ। ਝੋਨੇ ਹੇਠ ਸਾਡੀ ਕੁਦਰਤੀ ਸੋਮਿਆਂ ਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਵੱਧ ਗਿਆ ਹੈ ਅਤੇ ਵਰਤਮਾਨ ਹਾਲਾਤਾਂ ਵਿੱਚ ਕੋਈ ਫਸਲ ਅਜਿਹੀ ਨਹੀਂ ਦਿਸ ਰਹੀ ਜੋ ਇਸ ਦੇ ਬਰਾਬਰ ਆਮਦਨ ਹੋ ਸਕੇ।
ਕੁਦਰਤੀ ਸੋਮਿਆਂ ਦਾ ਖੁਰਨਾ ਸਾਡੇ ਲਈ ਵੱਡੀ ਫਿਕਰਮੰਦੀ ਦਾ ਵਿਸ਼ਾ ਹੈ। ਇਸ ਦਾ ਇੱਕ ਕਾਰਨ ਜਿੱਥੇ ਘਣੀ ਖੇਤੀ ਹੈ, ਉੱਥੇ ਲੋੜ ਮੁਤਾਬਕ ਪਾਣੀ ਖਾਦਾਂ ਅਤੇ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਾ ਕਰਨਾ ਵੀ ਮੁਸੀਬਤਾਂ ਵਧਾ ਰਿਹਾ ਹੈ। ਵਾਤਾਵਰਣ ਪਲੀਤ ਕਰਨ ਵਿੱਚ ਵੀ ਅਸੀਂ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀਬਾੜੀ ਵਿਭਾਗ ਅਤੇ ਪੰਜਾਬ ਰਾਜ ਪ੍ਰਦੂਸ਼ਣ ਰੋਕੋ ਬੋਰਡ ਵੱਲੋਂ ਝੋਨੇ ਦੇ ਪਰਾਲੀ ਨੂੰ ਅੱਗ ਲਗਾਉਣ ਦੇ ਖਿਲਾਫ ਮੁਹਿੰਮ ਦਾ ਠੋਸ ਨਤੀਜਾ ਅਜੇ ਨਹੀਂ ਮਿਲਿਆ, ਪ੍ਰੰਤੂ ਭਵਿੱਖ ਵਿੱਚ ਲੋਕ ਲਾਜ਼ਮੀ ਸਾਡਾ ਸਾਥ ਦੇਣਗੇ ਅਤੇ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਤੋਂ ਗੁਰੇਜ ਕਰਨਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਮੂਨੇ ਦੇ ਤੌਰ ਤੇ ਜ਼ਿਲ੍ਹਾ ਬਠਿੰਡਾ ਵਿੱਚ ਪਿੰਡ ਕਿਲੀ ਨਿਹਾਲ ਸਿੰਘ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਅਪਣਾਇਆ ਗਿਆ ਹੈ। ਇਸ ਪਿੰਡ ਦੀ ਸਮੁੱਚੀ ਕਾਸ਼ਤ ਯੋਗ ਜ਼ਮੀਨ ਵਿੱਚ ਲੇਜ਼ਰ, ਸੁਹਾਗਾ ਵਰਤ ਕੇ ਜ਼ਮੀਨ ਪੱਧਰੀ ਕਰਾਂਗੇ ਹੈਪੀਸੀਡਰ ਨਾਲ ਕਣਕ ਬੀਜਾਂਗੇ ਅਤੇ ਪਰਾਲੀ ਦੀ ਸੰਭਾਲ ਵਾਸਤੇ ਲੇਬਰ ਨਾਲ ਗੰਢਾਂ ਬੰਨ੍ਹਣ ਵਿੱਚ ਤਕਨੀਕੀ ਜਾਣਕਾਰੀ ਦਿਆਂਗੇ। ਇਹ ਦੋਵੇਂ ਪਿੰਡ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਸੌਂਪੇ ਗਏ ਹਨ। ਖੇਤੀਬਾੜੀ ਵਿਕਾਸ ਨਾਲ ਸਬੰਧਿਤ ਅਦਾਰਿਆਂ ਨੂੰ ਇੱਥੇ ਕੀਤੇ ਕੰਮ ਤੋਂ ਤਕਨੀਕੀ ਅਤੇ ਵਿਹਾਰਕ ਜਾਣਕਾਰੀ ਹਾਸਲ ਹੋਵੇਗੀ, ਜਿਸ ਨਾਲ ਉਹ ਪੰਜਾਬ ਦੇ ਬਾਕੀ ਪਿੰਡਾਂ ਵਿੱਚ ਕੁਦਰਤੀ ਸੋਮਿਆਂ ਦੀ ਸੰਭਾਲ ਵਾਸਤੇ ਅੱਗੇ ਤੁਰ ਸਕਣਗੇ।
ਇੱਕ ਗੱਲ ਵਿਚਾਰਨ ਵਾਲੀ ਇਹ ਵੀ ਹੈ ਕਿ ਸਾਡੇ ਪੰਜਾਬੀ ਪੁੱਤਰ ਹੁਣ ਸੁੱਖ ਰਹਿਣੈ ਹੋ ਗਏ ਹਨ ਅਤੇ ਸੁੱਖ ਮਾਣਦੇ ਮਾਣਦੇ ਨਸ਼ਿਆਂ ਵੱਲ ਵਧੇਰੇ ਉੱਲਰ ਗਏ ਹਨ। ਜਿਹੜਾ ਜੱਟ ਕਦੇ ਕੁੜੀਆਂ ਤੋਂ ਡਰਦਾ ਮਾਰਾ ਮੋਢੇ ਉੱਤੇ ਡਾਂਗ ਰੱਖਦਾ ਸੀ, ਉਸ ਨੂੰ ਹੁਣ ਆਪਣਾ ਆਪ ਸੰਭਾਲਣਾ ਵੀ ਔਖਾ ਹੋ ਗਿਆ ਹੈ। ਕਮਾਈ ਨਾਲੋਂ ਵੱਧ ਖਰਚੇ ਕਰਦਆਂ ਉਹ ਫੋਕੀ ਅਭਿਮਾਨੀ ਵੀ ਹੋ ਰਿਹਾ ਹੈ ਅਤੇ ਅਮੀਰਾਂ ਦੀਆਂ ਕਾਰਾਂ, ਕੋਠੀਆਂ ਅਤੇ ਹੋਰ ਸੁੱਖ ਸਹੂਲਤਾਂ ਵੇਖ-ਵੇਖ ਕੇ ਉਹ ਵਿਖਾਵੇ ਦਾ ਗੁਲਾਮ ਬਣ ਰਿਹਾ ਹੈ, ਆਓ ਇਸ ਤੋਂ ਬਚੀਏ, ਪੰਜਾਬ ਅਭਿਮਾਨ ਦੀ ਨਵੀਂ ਸਵੈਮਾਣ ਦੀ ਧਰਤੀ ਹੈ ਅਤੇ ਸਵੈਮਾਨ ਸਿਰਫ ਕਿਰਤ ਕਰਕੇ ਹੀ ਵੱਧ ਕਮਾਈ ਨਾਲ ਆਉਂਦਾ ਹੈ।
ਹੁਣ ਅਸੀਂ ਕੀ ਕਰ ਸਕਦੇ ਹਾਂ
* ਲੇਜ਼ਰ ਕਰਾਹੇ ਦੀ ਮੱਦਦ ਨਾਲ ਜ਼ਮੀਨ ਪੱਧਰੀ ਕਰਨ, ਹੈਪੀਸੀਡਰ ਨਾਲ ਕਣਕ ਦੀ ਕਾਸ਼ਤ ਕਰਨ ਨਾਲ ਅਤੇ ਜ਼ਮੀਨਾਂ ਹੇਠ ਪਾਈਪਾਂ ਰਾਹੀਂ ਸਿੰਚਾਈ ਪ੍ਰਬੰਧ ਤੋਂ ਇਲਾਵਾ ਝੋਨਾ ਲਗਾਉਣ ਵਾਲੀ ਮਸ਼ੀਨ ਦੀ ਵਰਤੋਂ ਵੱਲ ਪਰਤਣਾ ਪਵੇਗਾ।
* ਖੇਤੀਬਾੜੀ ਮਸ਼ੀਨੀਕਰਨ ਲਈ ਵਿਅਕਤੀਗਤ ਖਰਚੇ ਕਰਨ ਦੀ ਥਾਂ ਛੋਟੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਵੱਲੋਂ ਮਿਲਦੀਆਂ ਸੇਵਾਵਾਂ ਨੂੰ ਅਪਨਾਉਣਾ ਚਾਹੀਦਾ ਹੈ, ਜਿਹੜੇ ਪਿੰਡਾਂ ਵਿੱਚ ਇਹ ਸੇਵਾਵਾਂ ਅਜੇ ਸਹਿਕਾਰੀ ਸਭਾਵਾਂ ਨੇ ਦੇਣੀਆਂ ਸ਼ੁਰੂ ਨਹੀਂ ਕੀਤੀਆਂ, ਉਨ੍ਹਾਂ ਨੂੰ ਵੀ ਇਸ ਪਾਸੇ ਅੱਗੇ ਆਉਣਾ ਚਾਹੀਦਾ ਹੈ ਅਤੇ ਖੇਤੀਬਾੜੀ ਮਸ਼ੀਨਰੀ ਨੂੰ ਸਾਂਝੇ ਤੌਰ ਤੇ ਵਰਤਣ ਲਈ ਉਤਸ਼ਾਹ ਦੇਣਾ ਚਾਹੀਦਾ ਹੈ। ਹੁਣ ਨਵੀਆਂ ਤੋਂ ਨਵੀਆਂ ਮਸ਼ੀਨਾਂ ਆ ਗਈਆਂ ਹਨ, ਜੋ ਮਹਿੰਗੀਆਂ ਹੋਣ ਕਾਰਨ ਸਹਿਕਾਰੀ ਪੱਧਰ ਤੇ ਹੀ ਵਰਤਣੀਆਂ ਚਾਹੀਦੀਆਂ ਹਨ।
* ਸਬਜ਼ੀਆਂ ਦੀ ਨੈੱਟ ਹਾਊਸ ਵਿੱਚ ਕਾਸ਼ਤ, ਨਰੋਆ ਪਸ਼ੂ ਪਾਲਣ, ਖੁੰਬਾਂ ਦੀ ਕਾਸ਼ਤ, ਮਧੂ ਮੱਖੀਆਂ ਤੋਂ ਸ਼ਹਿਦ ਅਤੇ ਹੋਰ ਉਤਪਾਦਨ ਹਾਸਲ ਕਰਨ ਦੇ ਨਾਲ-ਨਾਲ ਦਾਲਾਂ ਦੀ ਕਾਸ਼ਤ, ਲਿਫਾਫਾਬੰਦੀ ਅਤੇ ਵਿਕਰੀ ਖੁਦ ਕਰਕੇ ਕਮਾਈ ਵਧਾਈ ਜਾ ਸਕਦੀ ਹੈ। ਝੋਨਾ ਲਗਾਉਣ ਵਾਲੀ ਮਸ਼ੀਨ ਵਾਸਤੇ ਪਨੀਰੀ ਬੀਜ ਕੇ ਵੀ ਹੋਰ ਲੋਕਾਂ ਨੂੰ ਵੇਚੀ ਜਾ ਸਕਦੀ ਹੈ। ਇਸੇ ਤਰ੍ਹਾਂ ਦੋਗਲੇ ਬੀਜ ਵੀ ਤੁਹਾਡੀ ਕਮਾਈ ਵਧਾ ਸਕਦੇ ਹਨ।
* ਖੇਤੀਬਾੜੀ ਗਿਆਨ ਵੰਡਦੇ ਅਦਾਰਿਆਂ ਤੋਂ ਗਿਆਨ ਲੈ ਕੇ ਖੇਤੀ ਲਾਗਤਾਂ ਘਟਾ ਸਕਦੇ ਹਨ।
* ਦੇਸੀ ਰੂੜੀ ਵਾਲੀ ਖਾਦ, ਹਰੀ ਖਾਦ ਕੰਪੋਸੈਟ, ਆਦਿ ਵਰਤਣ ਨਾਲ ਰਸਾਇਣਕ ਖਾਦਾਂ ਤੇ ਨਿਰਭਰਤਾ ਘਟੇਗੀ। ਮਿੱਟੀ ਪਰਖ ਦੇ ਆਧਾਰ ਤੇ ਖਾਦਾਂ, ਟੈਨਸ਼ੀਓਮੀਟਰ ਦੀ ਵਰਤੋਂ ਨਾਲ ਝੋਨੇ ਨੂੰ ਘੱਟ ਪਾਣੀ ਅਤੇ ਹਰਾ ਪੱਤਾ ਚਾਰਟ ਦੀ ਵਰਤੋਂ ਨਾਲ ਝੋਨੇ ਅਤੇ ਮੱਕੀ ਨੂੰ ਸਹੀ ਖਾਦਾਂ ਦੀ ਮਾਤਰਾ ਪਾ ਸਕਦੇ ਹਾਂ।
* ਸਰਬਪੱਖੀ ਕੀਟ ਕੰਟਰੋਲ ਨਾਲ ਕੀਟ ਨਾਸ਼ਕ ਜ਼ਹਿਰਾਂ ਦਾ ਖਰਚਾ ਘਟੇਗਾ। ਇਸ ਨਾਲ ਜਿੱਥੇ ਲਾਗਤਾਂ ਘਟਣਗੀਆਂ, ਮੁਨਾਫਾ ਵਧੇਗਾ ਅਤੇ ਕੁਦਰਤੀ ਸੋਮਿਆਂ  ਦੀ ਵੀ ਬੱਚਤ ਹੋਵੇਗੀ। ਘੱਟ ਲਾਗਤਾਂ ਵਾਲੀ ਟੈਕਨਾਲੋਜੀ ਅਪਣਾ ਕੇ ਅਸੀਂ ਆਪਣੇ ਖੇਤੀ ਖਰਚੇ ਘਟਾ ਸਕਦੇ ਹਾਂ।
ਵਿਗਿਆਨੀਆਂ ਦੀ  ਜ਼ਿੰਮੇਵਾਰੀ-ਗਲੋਬਲ ਤਪਸ਼ ਕਾਰਨ ਬਦਲਦੇ ਮੌਸਮੀ ਹਾਲਾਤ ਨੂੰ ਧਿਆਨ  ਵਿੱਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੋਜ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ, ਭਾਵੇਂ ਬਰਸਾਤਾਂ ਦੀ ਬੇਯਕੀਨੀ ਹੋ ਗਈ ਹੈ, ਪਰ ਇਸ ਤੋਂ ਇਲਾਵਾ ਮਹੱਤਵਪੂਰਨ ਖੋਜ ਸੰਭਵ ਹੈ। ਯੂਨੀਵਰਸਿਟੀ ਵੱਲੋਂ ਮੌਸਮੀ ਤਪਸ਼ ਨੂੰ ਝਲਣ ਵਾਲੀਆਂ ਕਿਸਮਾਂ ਬਾਰੇ ਖੋਜ ਤੋਂ ਇਲਾਵਾ ਬਰਸਾਤ ਦੇ ਵਿਹਾਰ ਨੂੰ ਵੇਖਦੇ ਹੋਏ ਅਜਿਹੀਆਂ ਕਿਸਮਾਂ ਦਾ ਵਿਕਾਸ ਕੀਤਾ ਜਾਵੇਗਾ, ਜੋ ਮੌਨਸੂਨ ਆਉਣ ਤੋਂ ਪਹਿਲਾਂ ਹੀ ਪੱਕ ਜਾਣ ਅਤੇ ਸੰਭਾਲੀਆਂ ਜਾ ਸਕਣ। ਖੇਤੀਬਾੜੀ ਦਾ ਕੰਮ ਭਾਵੇਂ ਜ਼ਿਆਦਾ ਮੌਸਮ ਤੇ ਨਿਰਭਰ ਕਰਦਾ ਹੈ, ਪਰ ਇਨ੍ਹਾਂ ਚੁਣੌਤੀਆਂ ਦਾ ਟਾਕਰਾ ਵਿਗਿਆਨੀ ਜ਼ਰੂਰ ਕਰਨਗੇ, ਇਹ ਮੇਰਾ ਵਿਸ਼ਵਾਸ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਧ ਝਾੜ ਦੇਣ ਵਾਲੀਆਂ ਬੀਮਾਰੀ ਮੁਕਤ ਕਿਸਮਾਂ ਦਾ ਵਿਕਾਸ ਕੀਤਾ  ਜਾ ਰਿਹਾ ਹੈ। ਇਸ ਨਾਲ ਇਹ ਵੀ ਯਤਨ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕਿਸਮਾਂ ਦਾ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੰਡੀ ਵਿੱਚ ਗ੍ਰਾਹਕ ਵੀ ਹੋਵੇ। ਕੁੱਝ ਵਰ੍ਹੇ ਪਹਿਲਾਂ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਗਈ ਝੋਨੇ ਦੀ ਕਿਸਮ ਪੀ.ਏ.ਯੂ. 201 ਦਾ ਬਹੁਤ ਜ਼ਿਆਦਾ ਝਾੜ ਸੀ। ਜਲਦੀ ਪੱਕਣ ਕਰਕੇ ਪਾਣੀ ਵੀ ਘੱਟ ਲੈਂਦੀ ਸੀ, ਪਰ ਮੰਡੀ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਕਿਸਮ ਵਾਪਸ ਲੈਣੀ ਪਈ, ਹੁਣ ਇਸ ਨੂੰ ਸੁਧਾਰ ਕੇ ਨਵੇਂ ਰੂਪ ਵਿੱਚ ਪੇਸ਼ ਕਰਨ ਦੀ ਯੋਜਨਾ ਹੈ। ਵਧੀਆ ਚੌਲਾਂ ਵਾਲੀ ਇਸ ਕਿਸਮ ਨੂੰ ਤੁਸੀਂ ਯਕੀਨਨ ਪਸੰਦ ਕਰੋਗੇ। ਕੋਸ਼ਿਸ਼ ਕਰ ਰਹੇ ਹਾਂ ਕਿ ਬੀ.ਟੀ. ਨਰਮੇ ਦੇ ਬਰਾਬਰ ਝਾੜ ਦੇਣ ਵਾਲੀਆਂ ਟਰਾਂਸਜੈਨਿਕ ਕਿਸਮਾਂ ਬਾਰੇ ਵੀ ਖੋਜ ਕੀਤੀ ਜਾ ਰਹੀ ਹੈ। ਮੱਕਈ ਦੇ ਹਾਈਬ੍ਰਿਡ ਬੀਜ ਉਤਪਾਦਨ ਦੀ ਵੀ ਯੋਜਨਾ ਤਿਆਰ ਕੀਤੀ ਗਈ ਹੈ, ਇਵੇਂ ਹੀ ਮੱਟਰ, ਮਿਰਚ ਅਤੇ ਟਮਾਟਰ ਦੀਆਂ ਕਿਸਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮੌਸਮੀ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਕਣਕ ਅਤੇ ਮੱਕੀ ਆਦਿ ਫਸਲਾਂ ਵੱਲ ਲੋੜ ਅਧਾਰਿਤ ਖੋਜ ਕੀਤੀ ਜਾ ਰਹੀ ਹੈ।ਜ਼ਹਿਰ ਮੁਕਤ ਸਬਜ਼ੀਆਂ ਦੀ ਕਾਸ਼ਤ ਲਈ ਨੈੱਟ ਹਾਊਸ ਤਕਨਾਲੋਜੀ ਵਰਗੀਆਂ ਤਕਨੀਕਾਂ ਪਾਸੋਂ ਸਾਨੂੰ ਵੱਡੀਆਂ ਉਮੀਦਾਂ ਹਨ। ਕੁਦਰਤੀ ਖੇਤੀ ਬਾਬਤ ਬੇਲੋੜਾ ਵਿਵਾਦ ਚੱਲ ਰਿਹਾ ਹੈ। ਜੇਕਰ ਕੁਦਰਤੀ ਖੇਤੀ ਦੇ ਲਈ ਦੇਸੀ ਰੂੜੀ ਵਰਗੇ ਲੋਂੜੀਂਦੇ ਕੁਦਰਤੀ ਸਾਧਨ ਹਾਸਲ ਹੋਣ, ਫਸਲ ਨੂੰ ਯੋਗ ਮੰਡੀਕਰਨ ਅਤੇ ਸਹੀ ਕੀਮਤ ਮਿਲੇ ਅਤੇ ਇਸ ਨਾਲ ਦੇਸ਼ ਦੀ ਅਨਾਜ ਸੁਰੱਖਿਆ ਵੀ ਨਾ ਡੋਲੇ ਤਾਂ ਇਸ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਸਾਨੂੰ ਵਕਤ ਦੀਆਂ ਲੋੜਾਂ ਦੇ ਨਾਲ-ਨਾਲ ਤੁਰਨਾ ਪਵੇਗਾ।  ਖੇਤੀਬਾੜੀ ਉਪਜ ਦੀ ਪ੍ਰੋਸੈਸਿੰਗ ਕਰਨ ਵਾਲੀਆਂ ਇਕਾਈਆਂ ਨਾਲ ਤਾਲਮੇਲ ਵਧਾਉਣਾ ਪਵੇਗਾ। ਉਨ੍ਹਾਂ ਦੀਆਂ ਲੋੜਾਂ ਮੁਤਾਬਕ ਆਪਣੀ ਉਪਜ ਨੂੰ ਢਾਲਣਾ ਪਵੇਗਾ।
ਉਨ੍ਹਾਂ ਦੀਆਂ ਲੋੜਾਂ ਮੁਤਾਬਕ ਆਪਣੀ ਉਪਜ ਨੂੰ ਢਾਲਣਾ ਪਵੇਗਾ। ਬਾਗਬਾਨੀ ਅਤੇ ਸਬਜ਼ੀਆਂ ਦੀਆਂ ਕਾਸ਼ਤ ਪ੍ਰੋਸੈੌਸਿੰਗ ਇਕਾਈਆਂ ਦੀ ਲੋੜ ਮੁਤਾਬਕ ਤਬਦੀਲੀ ਕਰਨੀ ਪਵੇਗੀ। ਜੈਵਿਕ ਊਰਜਾ ਹਾਸਲ ਕਰਨ ਲਈ ਲੰਮੀ ਮਿਆਦ ਵਾਲੀ ਯੋਜਨਾ ਕਰਨੀ ਪਵੇਗੀ। ਸਾਡੇ ਕੋਲ ਝੋਨੇ ਦੀ ਪਰਾਲੀ, ਨਰਮੇ, ਕਪਾਹ ਦੀਆਂ ਛੱਟੀਆਂ, ਮੱਕਈ, ਬਾਜਰਾ ਅਤੇ ਚਰ੍ਹੀ ਦੇ ਟਾਂਡੇ ਇਸ ਕੰਮ ਵਿੱਚ ਮੱਦਦਗਾਰ ਸਾਬਤ ਹੋ ਸਕਦੇ ਹਨ। ਖੇਤੀਬਾੜੀ ਹੁਣ ਰਵਾਇਤੀ ਗਿਆਨ ਆਸਰੇ ਨਹੀਂ ਸਗੋਂ ਵਿਗਿਆਨਕ ਚੇਤਨਾ ਨਾਲ ਵਿਕਾਸ ਦੇ ਰਾਹ ਤੁਰਦੀ ਹੈ। ਇਹ ਚੇਤਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ, ਮਾਸਿਕ ਪੱਤਰ ਚੰਗੀ ਖੇਤੀ ਅਤੇ ਇੰਟਰਨੈੱਟ ਵਿੱੇਚੋਂ ਪ੍ਰਾਪਤ ਗਿਆਨ ਰਾਹੀਂ ਹਾਸਲ ਕੀਤੀ ਜਾ ਸਕਦੀ ਹੈ। ਜਾਗਰੂਕਤਾ, ਸਹਿਕਾਰਤਾ, ਅਤੇ ਵਣਜ ਪ੍ਰਬੰਧ ਯੋਗਤਾ ਦੇ ਨਾਲ-ਨਾਲ ਰੁਝਾਨ ਪੈਦਾ ਕਰਨਾ ਅੱਜ ਦੀ ਪ੍ਰਮੁੱਖ ਲੋੜ ਹੈ। ਅਭਿਆਨ ਦਾ ਸਵੈਮਾਨ ਨਾਲ ਟਾਕਰਾ ਕਰੋ। ਜਿੱਤ ਤੁਹਾਡੀ ਹੋਵੇਗੀ। ਕਿਸਾਨ, ਵਿਗਿਆਨ ਅਤੇ ਉਦਯੋਗ ਦੇ ਸੁਮੇਲ ਵਿੱਚ ਹੀ ਪੰਜਾਬ ਦਾ ਖੇਤੀਬਾੜੀ ਭਵਿੱਖ ਰੌਸ਼ਨ ਹੋਣ ਦੀਆਂ ਸੰਭਾਵਨਾਵਾਂ ਛੁਪੀਆਂ ਹਨ।
ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today94
Yesterday242
Week1319
Month4094
All69655

Weather

95°
35°
°F | °C
Clear
Humidity: 19%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41